ਪੱਟੀ, 6 ਜੂਨ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)- ਪੰਜਾਬ ਸਰਕਾਰ ਵਲੋਂ ਜਿੱਥੇ ਔਰਤਾਂ ਨੂੰ ਪੰਜਾਬ ਰੋਡਵੇਜ਼ ਅਤੇ ਪਨਬੱਸ ਦੀਆਂ ਬੱਸਾਂ ਵਿਚ ਮੁਫ਼ਤ ਸਫ਼ਰ ਦੀ ਸਹੂਲਤ ਦਿੱਤੀ ਗਈ ਹੈ, ਉੱਥੇ ਹੀ ਪੱਟੀ ਡੀਪੂ ਦੀਆਂ ਕੁਝ ਬੱਸਾਂ ਦੇ ਡਰਾਈਵਰਾਂ ਅਤੇ ਕੰਡਕਟਰਾਂ ਦੀ ਕਾਰਗੁਜ਼ਾਰੀ ਕਾਰਨ ਸਵਾਰੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਵੱਖ-ਵੱਖ ਰੂਟਾਂ ਤੋਂ ਲੰਮਾ ਸਫ਼ਰ ਤੈਅ ਕਰਕੇ ਪੱਟੀ ਪਹੁੰਚਣ ਵਾਲੀਆਂ ਸਵਾਰੀਆਂ ਇਸ ਉਮੀਦ ਨਾਲ ਬੱਸ ਵਿਚ ਬੈਠੀਆਂ ਰਹਿੰਦੀਆਂ ਹਨ ਕਿ ਉਨ੍ਹਾਂ ਨੂੰ ਪੱਟੀ ਬੱਸ ਅੱਡੇ ਤੱਕ ਪਹੁੰਚਾਇਆ ਜਾਵੇਗਾ | ਪਰੰਤੂ ਕੁਝ ਮਾਮਲਿਆਂ ਵਿਚ ਪਨਬੱਸ ਅਤੇ ਰੋਡਵੇਜ਼ ਦੇ ਡਰਾਈਵਰ ਬੱਸਾਂ ਨੂੰ ਪੱਟੀ ਬੱਸ ਅੱਡੇ ਤੱਕ ਲਿਜਾਣ ਦੀ ਬਜਾਏ ਸ਼ਹਿਰ ਤੋਂ ਕਰੀਬ ਦੋ ਕਿਲੋਮੀਟਰ ਦੂਰ ਸਥਿਤ ਲਾਹੌਰ ਚੌਂਕ ਵਿਚ ਹੀ ਸਵਾਰੀਆਂ ਨੂੰ ਉਤਾਰ ਕੇ ਆਪਣੀਆਂ ਬੱਸਾਂ ਵਰਕਸ਼ਾਪ ਵੱਲ ਮੋੜ ਲੈਂਦੇ ਹਨ | ਇਸ ਕਾਰਨ ਬਜ਼ੁਰਗਾਂ, ਔਰਤਾਂ, ਬੱਚਿਆਂ ਅਤੇ ਹੋਰ ਯਾਤਰੀਆਂ ਨੂੰ ਕੜਕਦੀ ਧੁੱਪ ਵਿਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਲਾਹੌਰ ਚੌਂਕ ਵਿਚ ਉਤਰੀਆਂ ਸਵਾਰੀਆਂ ਨੂੰ ਬੱਸ ਅੱਡੇ ਤੱਕ ਪਹੁੰਚਣ ਲਈ ਕਈ ਵਾਰ ਲੰਬਾ ਸਮਾਂ ਕਿਸੇ ਹੋਰ ਪ੍ਰਾਈਵੇਟ ਬੱਸ ਜਾਂ ਸਵਾਰੀ ਦਾ ਇੰਤਜ਼ਾਰ ਕਰਨਾ ਪੈਂਦਾ ਹੈ, ਜਿਸ ਨਾਲ ਉਨ੍ਹਾਂ ਨੂੰ ਬੇਵਜ੍ਹਾ ਖੱਜਲ-ਖੁਆਰ ਹੋਣਾ ਪੈਂਦਾ ਹੈ | ਇਸ ਸਬੰਧੀ ਸ਼ਹਿਰ ਦੇ ਸਮਾਜ ਸੇਵੀ ਕ੍ਰਾਈਮ ਐਂਡ ਕੁਰੱਪਸਨ ਆਰਗੇਨਾਈਜੇਸਨ ਸੰਸਥਾ ਦੇ ਬਲਵੰਤ ਸਿੰਘ ਬੰਟੀ, ਅਜੀਤ ਸਿੰਘ ਸਮੇਤ ਹੋਰ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਟਰਾਂਸਪੋਰਟ ਮੰਤਰੀ ਤੋਂ ਮੰਗ ਕੀਤੀ ਹੈ ਕਿ ਲੰਬਾ ਸਫ਼ਰ ਕਰਕੇ ਪੱਟੀ ਆਉਣ ਵਾਲੀਆਂ ਸਵਾਰੀਆਂ ਨੂੰ ਉਨ੍ਹਾਂ ਦੀ ਮੰਜਿਲ, ਅਰਥਾਤ ਪੱਟੀ ਬੱਸ ਅੱਡੇ ਤੱਕ ਲਾਜ਼ਮੀ ਤੌਰ 'ਤੇ ਪਹੁੰਚਾਇਆ ਜਾਵੇ | ਉਨ੍ਹਾਂ ਕਿਹਾ ਕਿ ਸਵਾਰੀਆਂ ਨੂੰ ਰਸਤੇ ਵਿਚ ਉਤਾਰਨਾ ਲੋਕਾਂ ਦੀ ਸਹੂਲਤਾਂ ਨਾਲ ਖਿਲਵਾੜ ਕਰਨ ਦੇ ਬਰਾਬਰ ਹੈ | ਉਨ੍ਹਾਂ ਮੰਗ ਕੀਤੀ ਕਿ ਇਸ ਲਈ ਜਿੰਮੇਵਾਰ ਡਰਾਈਵਰਾਂ ਅਤੇ ਕੰਡਕਟਰਾਂ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਜਾਵੇ | ਜਦੋਂ ਇਸ ਸਬੰਧੀ ਪੰਜਾਬ ਰੋਡਵੇਜ਼ ਡੀਪੂ ਪੱਟੀ ਦੇ ਜੀ.ਐੱਮ. ਰਣਜੀਤ ਸਿੰਘ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਜੇਕਰ ਕੋਈ ਡਰਾਈਵਰ ਜਾਂ ਕੰਡਕਟਰ ਸਵਾਰੀਆਂ ਨੂੰ ਅੱਧ ਵਿਚਾਲੇ ਉਤਾਰ ਕੇ ਵਰਕਸ਼ਾਪ ਪਹੁੰਚ ਜਾਂਦਾ ਹੈ ਤਾਂ ਉਸ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਨਿਗਰਾਨੀ ਲਈ ਇੰਸਪੈਕਟਰਾਂ ਦੀਆਂ ਡਿਊਟੀਆਂ ਵੀ ਲਗਾਈਆਂ ਜਾਣਗੀਆਂ ਤਾਂ ਜੋ ਭਵਿੱਖ ਵਿਚ ਸਵਾਰੀਆਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ |