ਤਰਨ ਤਾਰਨ, 7 ਜੂਨ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਦੇ ਵੱਖ ਵੱਖ ਥਾਣਿਆਂ ਦੀ ਪੁਲਿਸ ਵੱਲੋਂ ਹੈਰੋਇਨ, ਨਸ਼ੀਲੀਆਂ ਗੋਲੀਆਂ, ਡਰੱਗ ਮਨੀ ਅਤੇ ਹੋਰ ਕਈ ਨਸ਼ੀਲੇ ਪਦਾਰਥਾਂ ਸਮੇਤ 5 ਵਿਅਕਤੀਆਂ ਨੂੰ ਗਿ੍ਫ਼ਤਾਰ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ | ਜ਼ਿਲ੍ਹਾ ਪੁਲਿਸ ਮੁਖੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਥਾਣਾ ਗੋਇੰਦਵਾਲ ਸਾਹਿਬ ਦੇ ਏ.ਐਸ.ਆਈ. ਜਸਪਾਲ ਸਿੰਘ ਨੇ ਗਸ਼ਤ ਦੌਰਾਨ ਨਹਿਰ ਪਟੜੀ ਨੇੜੇ ਰੇਲਵੇ ਸਟੇਸ਼ਨ ਖਡੂਰ ਸਾਹਿਬ ਤੋਂ ਦੋ ਵਿਅਕਤੀਆਂ ਨੂੰ ਸ਼ੱਕ ਦੇ ਅਧਾਰ 'ਤੇ ਕਾਬੂ ਕਰ ਕੇ ਉਨ੍ਹਾਂ ਪਾਸੋਂ ਸਿਲਵਰ ਪੇਪਰ, ਪੰਨੀ, 10 ਰੁਪਏ ਦਾ ਨੋਟ, ਲਾਈਟਰ ਬਰਾਮਦ ਕੀਤਾ ਹੈ | ਫੜੇ ਗਏ ਵਿਅਕਤੀਆਂ ਦੀ ਪਛਾਣ ਰਪਿੰਦਰਪਾਲ ਸਿੰਘ ਉਰਫ਼ ਜਿੰਪੀ ਪੁੱਤਰ ਹਰਦੀਪ ਸਿੰਘ ਵਾਸੀ ਬਿਹਾਰੀਪੁਰ ਅਤੇ ਅਮਰਜੋਤ ਸਿੰਘ ਪੁੱਤਰ ਰਜਿੰਦਰ ਮੋਹਨ ਸਿੰਘ ਵਾਸੀ ਬਿਹਾਰੀਪੁਰ ਵਜੋਂ ਹੋਈ | ਥਾਣਾ ਗੋਇੰਦਵਾਲ ਸਾਹਿਬ ਦੇ ਏ.ਐਸ.ਆਈ. ਲਖਬੀਰ ਸਿੰਘ ਗਸ਼ਤ ਦੇ ਸੰਬੰਧ ਵਿਚ ਪਿੰਡ ਤੁੜ ਵਿਖੇ ਮੌਜੂਦ ਸਨ ਤਾਂ ਉਨ੍ਹਾਂ ਨੇ ਇਕ ਵਿਅਕਤੀ ਨੂੰ ਸ਼ੱਕ ਦੇ ਅਧਾਰ 'ਤੇ ਕਾਬੂ ਕਰ ਕੇ ਜਦ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 120 ਨਸ਼ੀਲੀਆਂ ਗੋਲੀਆਂ, 1770 ਰੁਪਏ ਡਰੱਗ ਮਨੀ ਭਾਰਤੀ ਕਰੰਸੀ ਬਰਾਮਦ ਕੀਤੀ | ਫੜੇ ਗਏ ਵਿਅਕਤੀ ਦੀ ਪਛਾਣ ਜੋਬਨਜੀਤ ਸਿੰਘ ਪੁੱਤਰ ਧਰਮ ਸਿੰਘ ਵਾਸੀ ਤੁੜ ਵਜੋਂ ਹੋਈ ਜਦਕਿ ਉਸ ਦਾ ਦੂਸਰਾ ਸਾਥੀ ਬਲਜਿੰਦਰ ਸਿੰਘ ਪੁੱਤਰ ਮਲੀ ਵਾਸੀ ਤੁੜ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਿਆ | ਇਸੇ ਤਰ੍ਹਾਂ ਥਾਣਾ ਵਲਟੋਹਾ ਦੇ ਏ.ਐਸ.ਆਈ. ਵਰਿਆਮ ਸਿੰਘ ਗਸ਼ਤ ਦੇ ਸੰਬੰਧ ਵਿਚ ਮੜੀਆਂ ਵਲਟੋਹਾ ਨੇੜੇ ਪੁੱਜੇ ਤਾਂ ਇਕ ਮੋਨਾ ਨੌਜਵਾਨ ਆਉਂਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ | ਸ਼ੱਕ ਪੈਣ 'ਤੇ ਪੁਲਿਸ ਵੱਲੋਂ ਜਦ ਉਕਤ ਨੌਜਵਾਨ ਨੂੰ ਕਾਬੂ ਕਰ ਕੇ ਜਦ ਤਲਾਸ਼ੀ ਲਈ ਤਾਂ ਉਸ ਕੋਲੋਂ 6 ਗ੍ਰਾਮ ਹੈਰੋਇਨ, 400 ਰੁਪਏ ਡਰੱਗ ਮਨੀ ਬਰਾਮਦ ਹੋਏ | ਫੜੇ ਗਏ ਨੌਜਵਾਨ ਦੀ ਪਛਾਣ ਗੁਰਜੰਟ ਸਿੰਘ ਪੁੱਤਰ ਸਰਦੂਲ ਸਿੰਘ ਵਾਸੀ ਅਲਗੋਂ ਵਜੋਂ ਹੋਈ | ਇਸੇ ਤਰ੍ਹਾਂ ਥਾਣਾ ਹਰੀਕੇ ਦੇ ਸਬ ਇੰਸਪੈਕਟਰ ਰਾਹੁਲ ਕਚੂਰਾ ਗਸ਼ਤ ਦੇ ਸੰਬੰਧ ਵਿਚ ਨਜ਼ਦੀਕ ਲੇਅ ਲਾਈਨ ਹਾਈਵੇ ਨਜ਼ਦੀਕ ਨਿਆਰਾ ਪੰਪ ਪੁੱਜੀ ਤਾਂ ਇਕ ਨੌਜਵਾਨ ਪੈਰਾਂ ਭਾਰ ਬੈਠ ਕੇ ਸਿਲਵਰ ਪੇਪਰ ਥੱਲੇ ਲਾਈਟਰ ਬਾਲ ਕੇ ਪਾਈਪ ਨਾਲ ਹੈਰੋਇਨ ਪੀ ਰਿਹਾ ਸੀ | ਪੁਲਿਸ ਵੱਲੋਂ ਉਕਤ ਨੌਜਵਾਨ ਪਾਸੋਂ 1 ਸਿਲਵਰ ਪੇਪਰ ਦੀ ਬਣਾਈ ਪੰਨੀ, ਲਾਈਟਰ ਅਤੇ 10 ਰੁਪਏ ਦੇ ਨੋਟ ਦੀ ਬਣਾਈ ਪਾਈਪ ਬਰਾਮਦ ਹੋਏ | ਫੜੇ ਗਏ ਨੌਜਵਾਨ ਦੀ ਪਛਾਣ ਨਿਸ਼ਾਨ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਟਾਵਰ ਮੁਹੱਲਾ ਹਰੀਕੇ ਵਜੋਂ ਹੋਈ | ਐਸ.ਐਸ.ਪੀ. ਨੇ ਦੱਸਿਆ ਕਿ ਉਕਤ ਫੜੇ ਗਏ ਵਿਅਕਤੀਆਂ ਵਿਰੁੱਧ ਵੱਖ-ਵੱਖ ਥਾਣਿਆਂ ਵਿਚ ਮਾਮਲੇ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |