ਗੋਇੰਦਵਾਲ ਸਾਹਿਬ, 8 ਜੂਨ (ਸਕੱਤਰ ਸਿੰਘ ਅਟਵਾਲ)-ਪੰਜਾਬ ਸਰਕਾਰ ਇੱਥੋ ਦੇ ਫੋਕਲ ਪੁਆਇੰਟ ਵਿਖੇ ਸਥਿਤ ਉਦਯੋਗਿਕ ਇਕਾਈ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਤੇ ਵਰਕਰਾਂ ਲਈ ਸਥਾਪਿਤ ਕੀਤਾ ਈ.ਐੱਸ.ਆਈ. (ਡਿਸਪੈਂਸਰੀ) ਹੈਲਥ ਸੈਂਟਰ ਲੰਮੇ ਸਮੇਂ ਤੋਂ ਸਟਾਫ਼ ਦੀ ਘਾਟ ਨਾਲ ਜੂਝ ਰਿਹਾ ਹੈ, ਜਿਸਦੇ ਚੱਲਦਿਆ ਇਸ ਹੈਲਥ ਸੈਂਟਰ ਵਿਚ ਤਾਇਨਾਤ ਮੈਡੀਕਲ ਅਫ਼ਸਰ ਨੂੰ ਦਰਜਾ ਚਾਰ ਮੁਲਾਜ਼ਮ ਦੀਆਂ ਸੇਵਾਵਾਂ ਵੀ ਖੁਦ ਕਰਨੀਆਂ ਪੈ ਰਹੀਆਂ ਹਨ | ਇਸ ਸਬੰਧੀ ਗੱਲਬਾਤ ਕਰਦਿਆ ਮੈਡੀਕਲ ਅਫ਼ਸਰ ਨਿਤਿਕਾ ਸੇਠੀ ਅਤੇ ਏ.ਐਨ.ਐਮ. ਸਤਬੀਰ ਕੌਰ ਨੇ ਦੱਸਿਆ ਕਿ ਗੋਇੰਦਵਾਲ ਸਾਹਿਬ ਦੇ ਫੋਕਲ ਪੁਆਇੰਟ ਖੇਤਰ ਵਿਚ ਸਥਿਤ ਏ.ਐਸ.ਆਈ. ਸੈਂਟਰ ਵਿਚ ਲੰਮੇ ਸਮੇਂ ਤੋਂ ਸਟਾਫ਼ ਦੀ ਘਾਟ ਹੈ | ਇਸ ਸਮੇਂ ਡਿਸਪੈਂਸਰੀ ਵਿਚ ਪੰਜ ਵਿਚੋਂ ਤਿੰਨ ਅਸਾਮੀਆਂ ਖਾਲੀ ਹਨ | ਜਿੰਨ੍ਹਾ 'ਚ ਫਾਰਮੈਸੀ ਅਫ਼ਸਰ, ਏ.ਐੱਨ.ਐੱਮ., ਜੂਨੀਅਰ ਸਹਾਇਕ ਅਤੇ ਦਰਜਾ ਚਾਰ ਮੁਲਾਜ਼ਮ ਦੀ ਪੋਸਟ ਖਾਲੀ ਹੈ | ਉਨ੍ਹਾਂ ਦੱਸਿਆ ਕਿ ਫੋਕਲ ਪੁਆਇੰਟ ਨਾਲ ਜੁੜੀਆਂ ਇਕਾਈਆਂ ਦੇ ਸੈਂਕੜੇ ਕਰਮਚਾਰੀ ਅਤੇ ਵਰਕਰ ਇਸ ਡਿਸਪੈਂਸਰੀ ਦੀਆਂ ਸਿਹਤ ਸੇਵਾਵਾਂ ਨਾਲ ਜੁੜੇ ਹੋਏ ਪਰ ਸਟਾਫ ਦੀ ਘਾਟ ਕਾਰਨ ਵੱਡੀਆ ਮੁਸ਼ਕਿਲਾਂ ਦਰਪੇਸ਼ ਆ ਰਹੀਆ ਹਨ, ਜਿਸ ਕਾਰਨ ਇੱਥੇ ਆਉਣ ਵਾਲੇ ਮਰੀਜ਼ਾ ਨੂੰ ਭਾਰੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ | ਇੱਥੇ ਮੌਜੂਦ ਰਾਜ ਕੌਰ, ਬਲਵਿੰਦਰ ਕੌਰ, ਕਵਲਜੀਤ ਸਿੰਘ ਆਦਿ ਨੇ ਦੱਸਿਆ ਕਿ ਸਟਾਫ਼ ਨਾ ਹੋਣ ਕਾਰਨ ਜਿੱਥੇ ਮਰੀਜ਼ ਪ੍ਰੇਸ਼ਾਨ ਹੋ ਰਹੇ ਹਨ, ਉੱਥੇ ਹੀ ਮੈਡੀਕਲ ਅਫ਼ਸਰ ਨੂੰ ਦਰਜਾ ਚਾਰ ਮੁਲਾਜ਼ਮ ਦੀਆਂ ਸੇਵਾਵਾਂ ਵੀ ਖੁਦ ਕਰਨੀਆਂ ਪੈ ਰਹੀਆਂ ਹਨ | ਇਸਦੇ ਨਾਲ ਹੀ ਹੈਲਥ ਸੈਂਟਰ ਵਿਚ ਚੌਂਕੀਦਾਰ ਨਾ ਹੋਣ ਕਾਰਨ ਅਨੇਕਾਂ ਵਾਰ ਚੋਰੀ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ | ਇਸ ਸਬੰਧੀ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਰਮਨਦੀਪ ਸਿੰਘ ਭਰੋਵਾਲ ਅਤੇ ਜਨਰਲ ਸਕੱਤਰ ਹਰਪਿੰਦਰ ਸਿੰਘ ਗਿੱਲ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਉਦਯੋਗਿਕ ਇਕਾਈ ਨਾਲ ਵਰਕਰਾਂ ਦੀਆਂ ਸਿਹਤ ਸਹੂਲਤ ਨਾਲ ਸਬੰਧਿਤ ਡਿਸਪੈਂਸਰੀ ਵਿਖੇ ਸਟਾਫ ਦੀ ਘਾਟ ਪੂਰੀ ਕੀਤੀ ਜਾਵੇ | ਇਸ ਸਬੰਧੀ ਮੈਡੀਕਲ ਸੁਪਰਡੈਂਟ ਡਾ. ਅਸ਼ਵਨੀ ਕੁਮਾਰ ਨੇ ਮੰਨਿਆ ਕਿ ਸਾਡੇ ਕੋਲ ਸਟਾਫ ਦੀ ਵੱਡੀ ਘਾਟ ਹੈ, ਜਿਸ ਸਬੰਧੀ ਉਹ ਸਿਹਤ ਵਿਭਾਗ ਨੂੰ ਸਮੇਂ ਸਮੇਂ 'ਤੇ ਜਾਣੂ ਕਰਵਾਉਂਦੇ ਰਹਿੰਦੇ ਹਨ | ਉਨ੍ਹਾਂ ਆਖਿਆ ਕਿ ਗੋਇੰਦਵਾਲ ਸਥਿਤ ਡਿਸਪੈਂਸਰੀ ਵਿਚ ਸਟਾਫ਼ ਦੀ ਘਾਟ ਨੂੰ ਪੂਰਾ ਕਰਨ ਲਈ ਸਿਹਤ ਵਿਭਾਗ ਤੇ ਪੰਜਾਬ ਸਰਕਾਰ ਨੂੰ ਲਿਖਿਆ ਗਿਆ ਹੈ |