ਤਰਨ ਤਾਰਨ, 22 ਜੂਨ (ਹਰਿੰਦਰ ਸਿੰਘ)—ਬੀਤੇ ਦਿਨੀਂ ਸਥਾਨਕ ਚਾਰ ਖੰਭਾ ਚੌਂਕ ਵਿਖੇ ਇਕ ਦੁਕਾਨਦਾਰ ਵਲੋਂ ਸਾਰੇ ਸਰਕਾਰੀ ਨਿਯਮਾਂ ਨੂੰ ਛਿੱਕੇ ਟੰਗਦਿਆਂ ਸਰਕਾਰੀ ਅਧਿਕਾਰੀਆਂ ਦੇ ਕਹਿਣ ਦੇ ਬਾਵਜੂਦ ਸੜਕ ਵਿਚ ਬਣਾਏ ਗਏ ਨਾਜਾਇਜ਼ ਥੜ੍ਹੇ ਦੀ ਖ਼ਬਰ ‘ਅਜੀਤ’ ਵਲੋਂ ਪ੍ਰਮੁੱਖਤਾ ਨਾਲ ਛਾਪੇ ਜਾਣ ’ਤੇ ਨਗਰ ਕੌਂਸਲ ਦੇ ਅਧਿਕਾਰੀ ਤੁਰੰਤ ਹਰਕਤ ਵਿਚ ਆ ਗਏ ਅਤੇ ਉਨ੍ਹਾਂ ਨੇ ਸਵੇਰ ਦੇ ਸਮੇਂ ਹੀ ਜੇ. ਸੀ. ਬੀ. ਮਸ਼ੀਨ ਲਿਆ ਕੇ ਦੁਕਾਨਦਾਰ ਵਲੋਂ ਸੜਕ ਵਿਚਾਲੇ ਅਤੇ ਆਸ–ਪਾਸ ਕੀਤੇ ਗਏ ਥੜ੍ਹਿਆਂ ’ਤੇ ਪੀਲਾ ਪੰਜਾ ਚਲਾ ਕੇ ਸਭ ਮਲੀਆ ਮੇਟ ਕਰ ਦਿੱਤਾ। ਵਰਣਨਯੋਗ ਹੈ ਕਿ ਨਗਰ ਕੌਂਸਲ ਤਰਨ ਤਾਰਨ ਦੇ ਇਕ ਕਿਰਾਏਦਾਰ ਦੁਕਾਨਦਾਰ ਵਲੋਂ ਛੁੱਟੀ ਵਾਲੇ ਦਿਨ ਐਤਵਾਰ ਨੂੰ ਆਪਣੀ ਦੁਕਾਨ ਦੇ ਬਾਹਰ ਸੜਕ ਵਿਚਾਲੇ ਹੀ ਸੀਮੇਂਟ, ਬੱਜਰੀ ਅਤੇ ਰੇਤਾ ਪਾ ਕੇ ਥੜ੍ਹਾ ਬਣਾਉਣਾ ਸ਼ੁਰੂ ਕੀਤਾ ਤਾਂ ਆਸ ਪਾਸ ਦੇ ਦੁਕਾਨਦਾਰਾਂ ਨੇ ਇਹ ਸਾਰਾ ਮਾਮਲਾ ਨਗਰ ਕੌਂਸਲ ਅਤੇ ਪੁਲਿਸ ਦੇ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ। ਉਸ ਸਮੇਂ ਨਗਰ ਕੌਂਸਲ ਦੇ ਕੁਝ ਕਰਮਚਾਰੀ ਅਤੇ ਟਰੈਫਿਕ ਪੁਲਿਸ ਦੇ ਜਵਾਨ ਵੀ ਮੌਕੇ ’ਤੇ ਆਏ ਅਤੇ ਦੁਕਾਨਦਾਰ ਨੂੰ ਨਾਜਾਇਜ਼ ਤੌਰ ’ਤੇ ਬਣਾਏ ਜਾ ਰਹੇ ਇਸ ਥੜ੍ਹੇ ਨੂੰ ਨਾ ਬਣਾਉਣ ਲਈ ਕਿਹਾ, ਪਰ ਉਨ੍ਹਾਂ ਦੇ ਜਾਣ ਤੋਂ ਬਾਅਦ ਇਸ ਦੁਕਾਨਦਾਰ ਵਲੋਂ ਕਿਸੇ ਦੀ ਵੀ ਪ੍ਰਵਾਹ ਕੀਤੇ ਬਿਨਾਂ ਧੌਂਸ ਨਾਲ ਇਹ ਨਾਜਾਇਜ਼ ਥੜ੍ਹਾ ਬਣਾ ਦਿੱਤਾ। ਇਹ ਸਾਰਾ ਮਾਮਲਾ ਧਿਆਨ ਵਿਚ ਆਉਣ ਤੋਂ ਬਾਅਦ ‘ਅਜੀਤ’ ਵਲੋਂ ਇਸ ਖ਼ਬਰ ਨੂੰ ਪ੍ਰਮੁੱਖਤਾ ਨਾਲ ਛਾਪਿਆ। ਖ਼ਬਰ ਛਪਣ ਤੋਂ ਬਾਅਦ ਸੋਮਵਾਰ ਨੂੰ ਤੜ੍ਹਕਸਾਰ ਹੀ ਨਗਰ ਕੌਂਸਲ ਦੇ ਦਰਜਨ ਦੇ ਕਰੀਬ ਕਰਮਚਾਰੀ ਸਥਾਨਕ ਚਾਰ ਖੰਭਾ ਚੌਂਕ ਵਿਖੇ ਪਹੁੰਚੇ, ਜਿਥੇ ਉਨ੍ਹਾਂ ਨੇ ਦੁਕਾਨਦਾਰ ਵਲੋਂ ਸੜਕ ਵਿਚ ਬਣਾਏ ਗਏ ਨਾਜਾਇਜ਼ ਥੜ੍ਹੇ ਨੂੰ ਜੇ.ਸੀ.ਬੀ. ਨਾਲ ਢਾਹਿਆ ਹੀ, ਉਥੇ ਉਨ੍ਹਾਂ ਨੇ ਇਸ ਦੁਕਾਨਦਾਰ ਵਲੋਂ ਪਹਿਲਾਂ ਦੁਕਾਨ ਦੇ ਅਗਲੇ ਪਾਸੇ ਬਣਾਏ ਗਏ ਨਾਜਾਇਜ਼ ਥੜ੍ਹੇ ਨੂੰ ਢਾਹ ਦਿੱਤਾ ਅਤੇ ਦੁਕਾਨਦਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਸ ਨੇ ਦੁਬਾਰਾ ਸਰਕਾਰੀ ਥਾਂ ’ਤੇ ਨਾਜਾਇਜ਼ ਉਸਾਰੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਨਗਰ ਕੌਂਸਲ ਦੀ ਇਸ ਕਾਰਵਾਈ ਦੀ ਆਸ–ਪਾਸ ਦੇ ਦੁਕਾਨਦਾਰਾਂ ਨੇ ਸਰਾਹਨਾ ਕਰਦਿਆਂ ਕਿਹਾ ਕਿ ਇਥੇ ਉਚਾ ਥੜ੍ਹਾ ਬਣਨ ਨਾਲ ਜਿਥੇ ਟਰੈਫਿਕ ਸਮੱਸਿਆ ਪੈਦਾ ਹੋ ਰਹੀ ਸੀ, ਉਥੇ ਲੋਕਾਂ ਨੂੰ ਵੀ ਹੋਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਸੀ। ਉਨ੍ਹਾਂ ਨੇ ਨਗਰ ਕੌਂਸਲ ਦੇ ਈ.ਓ. ਵਲੋਂ ਕੀਤੀ ਗਈ ਇਸ ਕਾਰਵਾਈ ਦੀ ਪ੍ਰਸੰਸਾ ਕੀਤੀ। ਇਸ ਸੰਬੰਧ ਵਿਚ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਰਣਦੀਪ ਸਿੰਘ ਵੜੈਚ ਨੇ ਕਿਹਾ ਕਿ ਤਰਨ ਤਾਰਨ ਸ਼ਹਿਰ ਵਿਚ ਕਿਸੇ ਵਲੋਂ ਵੀ ਸਰਕਾਰੀ ਜਗ੍ਹਾ ’ਤੇ ਕਿਸੇ ਕਿਸਮ ਦੀ ਗੈਰ ਉਸਾਰੀ ਬਰਦਾਸ਼ਤ ਨਹੀਂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੇ ਕਰਮਚਾਰੀਆਂ ਨੇ ਉਕਤ ਦੁਕਾਨਦਾਰ ਨੂੰ ਇਹ ਗ਼ਲਤ ਥੜ੍ਹਾ ਬਣਾਉਣ ਲਈ ਰੋਕਿਆ ਸੀ, ਪਰ ਉਸ ਨੇ ਇਹ ਥੜ੍ਹਾ ਬਣਾ ਦਿੱਤਾ, ਜਿਸ ’ਤੇ ਨਗਰ ਕੌਂਸਲ ਵਲੋਂ ਇਸ ਨਾਜਾਇਜ਼ ਬਣਾਏ ਗਏ ਥੜ੍ਹੇ ਨੂੰ ਢਾਹ ਦਿੱਤਾ ਗਿਆ ਹੈ ਅਤੇ ਜਲਦੀ ਹੀ ਸੰਬੰਧਿਤ ਦੁਕਾਨਦਾਰ ਨੂੰ ਇਸ ਗੈਰ ਕਾਨੂੰਨੀ ਕਾਰਵਾਈ ਦਾ ਨੋਟਿਸ ਵੀ ਭੇਜਿਆ ਜਾਵੇਗਾ।