ਬੀਜਾ, 22 ਜੂਨ (ਕਸ਼ਮੀਰਾ ਸਿੰਘ ਬਗ਼ਲੀ)-ਐਨ. ਆਰ. ਆਈ ਭਰਾਵਾਂ ਤੇ ਇਲਾਕੇ ਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਲੰਬੇ ਸਮੇਂ ਤੋਂ ਸਮਾਜ ਭਲਾਈ ਦੇ ਕੰਮਾਂ ਚ ਯੋਗਦਾਨ ਪਾਉਣ ਵਾਲੀ ਸੰਸਥਾ ਮਾਤਾ ਖੀਵੀ ਜੀ ਸੇਵਾ ਸੁਸਾਇਟੀ ਸੂਬੇ ਭਰ ਦੇ ਵੱਖ ਵੱਖ ਜ਼ਿਲ੍ਹਿਆਂ ਵਿਚ 500 ਦੇ ਕਰੀਬ ਲੋੜਵੰਦਾਂ ਨੂੰ ਮੁਫ਼ਤ ਰਾਸ਼ਨ ਹਰ ਮਹੀਨੇ ਮੁਹੱਈਆ ਕਰ ਰਹੀ ਹੈ। ਨਾਲੋ ਨਾਲ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਵੀ ਅਹਿਮ ਯੋਗਦਾਨ ਪਾ ਕੇ ਸੰਗਤਾਂ ਨੂੰ ਕਥਾ ਕੀਰਤਨ ਵਿਚਾਰਾਂ ਰਾਹੀਂ ਗੁਰਸਿੱਖੀ ਨਾਲ ਜੋੜਨ ਦਾ ਉਪਰਾਲਾ ਵੀ ਕਰਦੀ ਰਹਿੰਦੀ ਹੈ। ਇਹ ਪ੍ਰਗਟਾਵਾ ਸੰਸਥਾ ਦੇ ਮੁੱਖ ਸੇਵਾਦਾਰ ਚਰਨਜੀਤ ਸਿੰਘ ਉੱਘੇ ਵਿਦਵਾਨ ਨੇ ਬਗ਼ਲੀ ਕਲਾਂ ਵਿਖੇ ਇੱਕ ਲੋੜਵੰਦ ਲੜਕੀ ਦੇ ਵਿਆਹ ਲਈ ਸ਼ਗਨ ਰਾਸ਼ੀ ਤੇ ਸੂਟ ਦੇਣ ਮੌਕੇ ਗੱਲਬਾਤ ਕਰਦਿਆਂ ਆਖਿਆ ਕਿ ਇਹ ਸੰਸਥਾ ਉਨ੍ਹਾਂ ਪਰਿਵਾਰਾਂ ਨੂੰ ਰਾਸ਼ਨ ਦਿੰਦੀ ਹੈ, ਜਿਨ੍ਹਾਂ ਪਰਿਵਾਰਾਂ ਦੇ ਕਮਾਉ ਮੈਂਬਰ ਦੀ ਮੌਤ ਹੁੰਦੀ ਹੈ, ਪਰਿਵਾਰ ’ਚ ਕੋਈ ਮੈਂਬਰ ਨਸ਼ਾ ਨਾ ਕਰਦਾ ਹੋਵੇ, ਕੋਈ ਜ਼ਮੀਨ ਜਾਇਦਾਦ ਨਾ ਹੋਵੇ। ਸੰਸਥਾ ਪੂਰੀ ਘੋਖ ਪੜਤਾਲ ਕਰਕੇ ਹੀ ਚੋਣ ਕਰਦੀ ਹੈ ਤਾਂ ਕਿ ਲੋੜਵੰਦ ਦੀ ਹੀ ਮਦਦ ਕੀਤੀ ਜਾ ਸਕੇ। ਇਸ ਮੌਕੇ ਦਰਸ਼ਨ ਸਿੰਘ ਸੇਵਾ ਮੁਕਤ ਕਰਮ ਚਾਰੀ ਡਾਕ ਵਿਭਾਗ ਨੇ ਸੰਸਥਾ ਦੇ ਪ੍ਰਧਾਨ ਤੇ ਸ਼ਬਦ ਗੁਰੂ ਪ੍ਰਚਾਰ ਮਿਸ਼ਨ ਦੇ ਮੁੱਖ ਸੇਵਾਦਾਰ ਭਾਈ ਚਰਨਜੀਤ ਸਿੰਘ ਤੇ ਸਮੁੱਚੀ ਟੀਮ ਵਲੋਂ ਸ਼ੁਰੂ ਕੀਤੇ ਗਏ ਲੋਕ ਭਲਾਈ ਸੇਵਾ ਕਾਰਜਾਂ ਦੀ ਸ਼ਲਾਘਾ ਕੀਤੀ। ਹਰਬੰਸ ਸਿੰਘ ਨੇ ਕਿਹਾ ਕਿ ਆਰਥਿਕ ਸਹਾਇਤਾ ਦੇਣ ਵਾਲੇ ਅਮਰੀਕਾ ਨਿਵਾਸੀਆਂ ਦੇ ਸਹਿਯੋਗ ਨਾਲ ਚੱਲ ਰਹੀ ਪੂਰੀ ਇਮਾਨਦਾਰੀ ਨਾਲ ਸਾਡੀ ਸੰਸਥਾ ਦੇ ਮੈਂਬਰ ਸੇਵਾ ਨਿਭਾ ਰਹੇ ਹਨ। ਇਸ ਮੌਕੇ ਨੇਤਰ ਸਿੰਘ ਸਾਹਨੇਵਾਲ, ਬਲਵੰਤ ਸਿੰਘ, ਰਾਮ ਸਿੰਘ, ਜਸਵਿੰਦਰ ਸਿੰਘ, ਬਾਬਾ ਦਰਸ਼ਨ ਸਿੰਘ, ਹਰਬੰਸ ਸਿੰਘ ਆਦਿ ਹਾਜ਼ਰ ਸਨ।