ਤਰਨ ਤਾਰਨ, 1 ਜੁਲਾਈ (ਇਕਬਾਲ ਸਿੰਘ)– ਮਿਡ-ਡੇ -ਮੀਲ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ ’ ਤੇ ਮਿਡ-ਡੇ-ਮੀਲ ਵਰਕਰਾਂ ਨੇ ਜ਼ਿਲ੍ਹਾ ਤਰਨ ਤਾਰਨ ਦੇ ਸਰਕਾਰੀ ਅਤੇ ਅਰਧ ਸਰਕਾਰੀ ਸਕੂਲਾਂ ਵਿਚ ਖਾਣਾ ਬਣਾਉਣ ਦਾ ਪੂਰਨ ਤੌਰ ’ਤੇ ਬਾਈਕਾਟ ਕਰਕੇ ਹੜਤਾਲ ਕੀਤੀ ਅਤੇ ਡਿਪਟੀ ਕਮਿਸ਼ਨਰ ਦਫਤਰ ਤਰਨ ਤਾਰਨ ਵਿਖੇ ਰਜਵੰਤ ਕੌਰ ਮਰਹਾਣਾ ਦੀ ਪ੍ਰਧਾਨਗੀ ਹੇਠ ਵਿਸ਼ਾਲ ਰੋਸ ਰੈਲੀ ਕੀਤੀ ਗਈ। ਇਸ ਮੌਕੇ ਵਰਕਰ ਮੰਗ ਕਰ ਰਹੇ ਸਨ ਕਿ ਪੰਜਾਬ ਸਰਕਾਰ ਨੇ ਚੋਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਮਿਡ-ਡੇ-ਮੀਲ ਵਰਕਰਾਂ ਤੇ ਸਫਾਈ ਕਰਮਚਾਰੀਆਂ ਦਾ ਮਿਹਨਤਾਨਾ ਦੁਗਣਾ ਕੀਤਾ ਜਾਵੇਗਾ ਪਰ ਇਸ ਸਰਕਾਰ ਨੇ ਇਕ ਪੈਸੇ ਦਾ ਵਾਧਾ ਨਹੀਂ ਕੀਤਾ, ਮਿਡ-ਡੇ-ਮੀਲ ਵਰਕਰਾਂ ’ਤੇ ਡੀ.ਸੀ. ਰੇਟ ਲਾਗੂ ਕੀਤਾ ਜਾਵੇ ਤਾਂ ਜੋ ਘੱਟੋ ਘੱਟ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਕੀਤਾ ਜਾਵੇ, ਵਰਕਰਾਂ ਨੂੰ ਵਰਦੀਆਂ ਦਿੱਤੀਆਂ ਜਾਣ, ਵਰਕਰਾਂ ਦਾ 5 ਲੱਖ ਰੁਪਏ ਦਾ ਮੁਫਤ ਬੀਮਾ ਕੀਤਾ ਜਾਵੇ, ਬਹੁਤ ਹੀ ਵਾਧੂ ਕੰਮ ਲੈਣਾ ਬੰਦ ਕੀਤਾ ਜਾਵੇ। ਵਰਕਰਾਂ ਦੱਸਿਆ ਕਿ ਹੜਤਾਲ ਦੇ ਚੱਲਦਿਆ ਪੰਜਾਬ ਸਰਕਾਰ ਨੇ 3 ਜੁਲਾਈ ਨੂੰ ਚੰਡੀਗੜ੍ਹ ਵਿਖੇ ਮਿਲਣ ਦਾ ਸਮਾਂ ਦਿੱਤਾ ਗਿਆ। ਇਸ ਰੈਲੀ ਨੂੰ ਰਣਜੀਤ ਕੌਰ, ਸਰਬਜੀਤ ਕੌਰ ਗੰਡੀਵਿੰਡ, ਪਰਵੀਨ ਕੌਰ, ਗੁਰਮੀਤ ਕੌਰ, ਰਾਜਵਿੰਦਰ ਕੌਰ, ਨਿਰਮਲ ਸਿੰਘ, ਦਵਿੰਦਰ ਸਿੰਘ, ਜੰਗ ਸਿੰਘ, ਰਜਨੀ, ਧਰਮ ਸਿੰਘ ਪੱਟੀ ਨੇ ਸੰਬੋਧਨ ਕੀਤਾ।