ਖਡੂਰ ਸਾਹਿਬ, 1 ਜੁਲਾਈ (ਰਸ਼ਪਾਲ ਸਿੰਘ ਕੁਲਾਰ)-ਖਡੂਰ ਸਾਹਿਬ ਦੇ ਨਜ਼ਦੀਕੀ ਪਿੰਡ ਨਾਗੋਕੇ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਆਪਣੇ ਹੀ ਪਿੰਡ ਦੇ ਵਿਅਕਤੀਆਂ ਉਪਰ ਅਦਾਲਤ ਵਲੋਂ ਸਟੇਅ ਦੇਣ ਦੇ ਬਾਵਜੂਦ ਧੱਕੇ ਨਾਲ ਜ਼ਮੀਨ ਵਾਹੁਣ ਦੇ ਦੋਸ਼ ਲਗਾਉਂਦਿਆਂ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਨੂੰ ਲਿਖਤੀ ਸ਼ਿਕਾਇਤ ਦੇ ਕੇ ਇਨਸਾਫ਼ ਦੀ ਗੁਹਾਰ ਲਗਾਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੁਖਦੇਵ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਨਾਗੋਕੇ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਹੀ ਰਾਮ ਸਿੰਘ, ਤਰਸੇਮ ਸਿੰਘ ਨੇ ਸਾਡੀ ਜ਼ਮੀਨ ਉਪਰ ਧੱਕੇ ਨਾਲ ਕਬਜ਼ਾ ਕਰਨ ਦੀ ਨੀਅਤ ਨਾਲ ਅਦਾਲਤ ਵਲੋਂ ਕੀਤੇ ਸਟੇਅ ਦੇ ਬਾਵਜੂਦ ਵੀ ਜ਼ਮੀਨ ਵਾਹ ਲਈ ਹੈ। ਸੁਖਦੇਵ ਸਿੰਘ ਨੇ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਸਾਡੀ 30 ਕਨਾਲ 4 ਮਰਲੇ ਜ਼ਮੀਨ ਵਾਕਿਆ ਪਿੰਡ ਨਾਗੋਕੇ ਹੈ ਅਤੇ ਉਕਤ ਜ਼ਮੀਨ ਦਾ ਅਦਾਲਤ ਵਿਚ ਕੇਸ ਚੱਲਦਾ ਹੈ ਤੇ ਸਟੇਅ ਆਰਡਰ ਹੋਏ ਹਨ, ਜਦੋਂ ਕਿ ਉਕਤ ਵਿਅਕਤੀਆਂ ਨੇ ਕੁਝ ਹਥਿਆਰਬੰਦ ਵਿਅਕਤੀਆਂ ਨੂੰ ਨਾਲ ਲੈ ਕਿ ਬਿਨਾਂ ਵੰਡ ਕੀਤੇ ਸਾਡੀ ਭੈਣ ਸੁਰਿੰਦਰ ਕੌਰ ਕੋਲੋਂ ਖ਼ਰੀਦੀ ਜ਼ਮੀਨ 5 ਕਨਾਲ ਦੀ ਬਜਾਇ 7 ਕਨਾਲ ਸਾਡੇ ਕਬਜੇ ਵਾਲੀ ਜ਼ਮੀਨ ਵਾਹ ਲਈ, ਜਦੋਂਕਿ ਇਹ ਜ਼ਮੀਨ ਹੋਰ ਪਾਸੇ ਹੈ। ਇਸ ਸੰਬੰਧ ਵਿਚ ਉਨ੍ਹਾਂ ਨੇ ਐਸ.ਐਸ.ਪੀ. ਤਰਨ ਤਾਰਨ ਨੂੰ ਦਰਖਾਸਤ ਦੇ ਕਿ ਇਨਸਾਫ਼ ਦੀ ਮੰਗ ਕੀਤੀ ਹੈ। ਇਸ ਸੰਬੰਧੀ ਦੂਜੀ ਧਿਰ ਦੇ ਰਾਮ ਸਿੰਘ ਪੁੱਤਰ ਕੁੰਦਨ ਸਿੰਘ ਵਾਸੀ ਨਾਗੋਕੇ ਨੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਹ ਅਦਾਲਤ ਵਿਚ ਕੇਸ ਜਿੱਤ ਚੁੱਕੇ ਹਨ ਅਤੇ ਸੁਰਿੰਦਰ ਕੌਰ ਪਤਨੀ ਕਾਬਲ ਸਿੰਘ ਵਾਸੀ ਬਾਠ ਕੋਲੋਂ 5 ਕਨਾਲ ਬੈਅ ਖ਼ਰੀਦੀ ਜ਼ਮੀਨ ਉਪਰ ਸਾਡਾ ਕਬਜਾ ਹੈ। ਉਨ੍ਹਾਂ ਕਿਹਾ ਕਿ ਅਸੀਂ ਕੋਈ ਕਿਸੇ ਨਾਲ ਧੱਕੇਸ਼ਾਹੀ ਨਹੀ ਕੀਤੀ।