ਝਬਾਲ. 2 ਜੁਲਾਈ (ਸੁਖਦੇਵ ਸਿੰਘ)– ਕਿਸਾਨਾਂ ਦੀ ਸਹੂਲਤ ਲਈ ਦਾਣਾ ਮੰਡੀ ਝਬਾਲ ਵਿਖੇ ਬਣਾਏ ਜਾ ਰਹੇ ਕਿਸਾਨ ਭਵਨ ਦੀ 46 ਸਾਲ ਬੀਤ ਜਾਣ ਬਾਅਦ ਵੀ ਛੱਤ ਨਸ਼ੀਬ ਨਹੀਂ ਹੋਈ । ਇਸ ਕਿਸਾਨ ਭਵਨ ਦਾ ਨੀਂਹ ਪੱਥਰ 17 ਮਾਰਚ 1980 ਨੂੰ ਉਸ ਵੇਲੇ ਦੇ ਮੰਡੀਕਰਨ ਬੋਰਡ ਦੇ ਚੇਅਰਮੈਨ ਜਗਦੇਵ ਸਿੰਘ ਖੁੱਡੀਆਂ ਵਲੋਂ ਰੱਖਿਆ ਗਿਆ ਸੀ। ਕਿਸਾਨ ਭਵਨ ਦੇ ਪ੍ਰਵਾਨਿਤ ਨਕਸ਼ੇ ਅਨੁਸਾਰ ਮੰਡੀਕਰਨ ਬੋਰਡ ਵਲੋਂ ਕੰਧਾਂ ਖੜੀਆਂ ਕਰਕੇ ਢਾਂਚਾ ਤਾਂ ਤਿਆਰ ਕਰ ਦਿੱਤਾ ਗਿਆ ਪਰ 46 ਸਾਲ ਬੀਤ ਜਾਣ ਦੇ ਬਾਅਦ ਵੀ ਬੋਰਡ ਦੇ ਅਧਿਕਾਰੀ ਇਸ ਉਪਰ ਛੱਤ ਪਾਉਣ ਲਈ ਨਹੀਂ ਪਹੁੰਚੇ। ਜਿਸ ਕਰਕੇ ਕਿਸਾਨ ਭਵਨ ਦੀਆਂ ਛੱਥ ਵਿਹੂਣੀਆਂ ਕੰਧਾਂ ਨੇ ਖੰਡਰ ਦਾ ਰੂਪ ਧਾਰਨ ਕਰ ਲਿਆ ਹੈ। ਇਸੇ ਤਰ੍ਹਾਂ ਮੰਡੀ ਵਿਚ ਜਿਨਸ ਲਿਆਉਣ ਵਾਲੇ ਕਿਸਾਨਾਂ ਦੀ ਜਿਨਸ ਦੇ ਸਹੀ ਨਾਪ ਤੋਲ ਲਈ ਕਈ ਸਾਲ ਪਹਿਲਾਂ ਸਰਕਾਰ ਵਲੋਂ ਦਾਣਾ ਮੰਡੀ ਦੇ ਬਾਹਰ ਧਰਮ ਕੰਡਾ ਲਗਾਇਆ ਗਿਆ ਸੀ, ਪਰ ਕੰਡਾ ਚਾਲੂ ਹੀ ਨਹੀਂ ਕੀਤਾ ਗਿਆ। ਧਰਮ ਕੰਡੇ ਲਈ ਬਣਾਏ ਗਏ ਕਮਰੇ ਦੀ ਵਰਤੋਂ ਨਾ ਹੋਣ ਕਰਕੇ ਇਸ ਤੇ ਲੰਮਾ ਸਮਾਂ ਪ੍ਰਵਾਸੀ ਮਜ਼ਦੂਰਾਂ ਦਾ ਕਬਜ਼ਾ ਰਿਹਾ ਅਤੇ ਹੁਣ ਇਸ ਦੀ ਹਾਲਤ ਵੀ ਤਰਸਯੋਗ ਬਣ ਗਈ ਹੈ। ਖਾਲੜਾ ਮਿਸ਼ਨ ਕਮੇਟੀ ਦੇ ਚੇਅਰਮੈਨ ਬਲਵਿੰਦਰ ਸਿੰਘ ਝਬਾਲ, ਕੁਲ ਹਿੰਦ ਕਿਸਾਨ ਸਭਾ ਦੇ ਆਗੂ ਦਵਿੰਦਰ ਕੁਮਾਰ ਸੋਹਲ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਬਾਬਾ ਬਲਜਿੰਦਰ ਸਿੰਘ ਕਾਲਾ, ਬਲਾਕ ਪ੍ਰਧਾਨ ਧਿਆਨ ਸਿੰਘ ਫ਼ੌਜੀ ਨੇ ਮੰਡੀ ਵਿਚ ਜਿਨਸ ਲਿਆਉਣ ਵਾਲੇ ਕਿਸਾਨਾਂ ਦੀ ਸਹੂਲਤ ਲਈ ਖੰਡਰ ਬਣੇ ਛੱਤ ਵਿਹੂਣੇ ਕਿਸਾਨ ਭਵਨ ਦੀ ਮੁੜ ਉਸਾਰੀ ਕਰਵਾਉਣ ਦੀ ਸਰਕਾਰ ਕੋਲੋਂ ਮੰਗ ਕੀਤੀ ਹੈ ।