ਖੇਮਕਰਨ, 2 ਜੁਲਾਈ (ਰਾਕੇਸ਼ ਕੁਮਾਰ ਬਿੱਲਾ)-ਪੰਜਾਬ ਦੀ ਮਾਨ ਸਰਕਾਰ ਵਲੋਂ ਮਾਵਾਂ-ਧੀਆਂ ਸਕੀਮ ਦੀ ਸ਼ੁਰੂਆਤ ਕਰਕੇ ਲਾਭਪਾਤਰੀਆਂ ਦੇ ਖਾਤਿਆਂ ’ਚ ਰਾਸ਼ੀ ਪਾਉਣ ਨੂੰ ਲੈ ਕੇ ਜਨਤਾ ’ਚ ਬਹੁਤ ਖੁਸ਼ੀ ਹੈ। ਇਸ ਸੰਬੰਧੀ ਦਫ਼ਤਰ ਨਗਰ ਪੰਚਾਇਤ ਖੇਮਕਰਨ ਵਿਖੇ ਸ਼ਹਿਰ ਦੇ ਕੌਂਸਲਰਾਂ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਬੈਠਕ ਹੋਈ, ਜਿਸ ’ਚ ਪੰਜਾਬ ਸਰਕਾਰ ਦੀ ਉਕਤ ਲਾਭਪਾਤਰੀ ਸਕੀਮ ਦਾ ਸਵਾਗਤ ਕਰਦੇ ਹੋਏ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਗਿਆ, ਜਿੰਨਾਂ ਦੀ ਸਰਕਾਰ ਨੇ ਪੰਜਾਬ ਵਾਸੀਆਂ ਨਾਲ ਕੀਤਾ ਹਰ ਵਾਅਦਾ ਪੂਰਾ ਕਰਕੇ ਦਿਖਾ ਦਿੱਤਾ ਹੈ। ਨਗਰ ਪੰਚਾਇਤ ਖੇਮਕਰਨ ਦੇ ਪ੍ਰਧਾਨ ਕੁਲਤਾਰ ਸਿੰਘ ਖੇੜਾ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਾਨ ਸਰਕਾਰ ਵਧਾਈ ਦੀ ਪਾਤਰ ਹੈ, ਜਿਸ ਨੇ ਆਪਣੇ ਰਾਜ ਦੌਰਾਨ ਹਰ ਵਰਗ ਨੂੰ ਰਾਹਤ ਦਿੱਤੀ ਹੈ, ਜਦਕਿ ਪਹਿਲੀਆਂ ਸਰਕਾਰਾਂ ਆਮ ਵਰਗਾਂ ਨੂੰ ਨਜ਼ਰਅੰਦਾਜ ਕਰਦੀਆਂ ਰਹੀਆਂ ਹਨ। ਅੱਜ ਹਰ ਵਰਗ ਸਰਕਾਰ ਤੋਂ ਖੁਸ਼ ਹੈ, ਕਿਉਂਕਿ ਇੰਨੀਆਂ ਵੱਡੀਆਂ ਸਕੀਮਾਂ ਹੋਰ ਕਿਸੇ ਪਾਰਟੀ ਦੇ ਰਾਜ ’ਚ ਲੋੜਵੰਦਾਂ ਨੂੰ ਨਹੀਂ ਮਿਲੀਆ। ਸਾਬਕਾ ਚੇਅਰਮੈਨ ਜਗਤਾਰ ਸਿੰਘ ਖੇੜਾ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅੱਜ ‘ਆਪ’ ਪਾਰਟੀ ਦੇ ਸਾਰੇ ਵਿਰੋਧੀਆਂ ਦਾ ਮੂੰਹ ਬੰਦ ਹੋ ਗਿਆ ਹੈ, ਜਿਹੜੇ ਮਜ਼ਾਕ ਉਡਾ ਰਹੇ ਸਨ ਕਿ ਔਰਤਾਂ ਦੇ ਖਾਤਿਆਂ ’ਚ ਕੁੱਝ ਨਹੀਂ ਆਵੇਗਾ। ਅੱਜ ਬੈਂਕਾਂ ਦੇ ਬਾਹਰ ਆਮ ਘਰਾਂ ਦੀਆਂ ਬੀਬੀਆਂ ਦੇ ਭੰਗੜੇ ਪੈਂਦੇ ਦੇਖਣ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਭਿੱਖੀਵਿੰਡ ਵਿਖੇ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਵਲੋਂ ਮਾਵਾਂ-ਧੀਆਂ ਸਕੀਮ ਦੀ ਸ਼ੁਰੂਆਤ ਸਮਾਗਮ ’ਚ ਹਜ਼ਾਰਾਂ ਦੀ ਗਿਣਤੀ ’ਚ ਸ਼ਾਮਿਲ ਹੋਈਆਂ ਔਰਤਾਂ ’ਚ ਉਤਸ਼ਾਹ ਵੇਖਣ ਵਾਲਾ ਸੀ। ਇਸ ਬੈਠਕ ’ਚ ਕੌਂਸਲਰ ਮਨਜੀਤ ਸਿੰਘ, ਅਮਰਜੀਤ ਸਿੰਘ ਬੱਬੂ, ਨਿਰਮਲ ਸਿੰਘ ਬੱਲ, ਸ਼ੇਰ ਸਿੰਘ, ਬੋਹੜ ਸਿੰਘ, ਸ਼ਾਮ ਸਿੰਘ, ਬੋਹੜ ਸਿੰਘ ਮੋਹਨ ਬਸਤੀ ਤੋਂ ਇਲਾਵਾ ਸਥਾਨਿਕ ‘ਆਪ’ ਵਰਕਰ ਹਾਜ਼ਰ ਸਨ।