ਤਰਨ ਤਾਰਨ, 2 ਜੁਲਾਈ (ਹਰਿੰਦਰ ਸਿੰਘ)– ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬੀਬਾ ਰਮਨਦੀਪ ਕੌਰ ਸੇਰੋਂ ਦੇ ਪਤੀ ਯੂਥ ਆਗੂ ਅਵਤਾਰ ਸਿੰਘ ਬਿੱਲਾ ਸ਼ੇਰੋ ਨੇ ਪੰਜਾਬ ਸਰਕਾਰ ਵਲੋਂ ਐਲਾਨੀ 1500 ਦੀ ਸਕੀਮ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਲੋਕ ਭਲਾਈ ਦੇ ਨਾਮ ‘ਤੇ ਕੀਤੇ ਜਾ ਰਹੇ ਐਲਾਨ ਪੰਜਾਬ ਦੇ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਹਨ । ਅੱਜ ਪੰਜਾਬ ਬੇਰੁਜ਼ਗਾਰੀ, ਨਸ਼ਿਆਂ, ਕਿਸਾਨੀ ਸੰਕਟ, ਬੰਦ ਹੁੰਦੇ ਉਦਯੋਗਾਂ ਅਤੇ ਲਗਾਤਾਰ ਵੱਧ ਰਹੇ ਸਰਕਾਰੀ ਕਰਜ਼ੇ ਵਰਗੀਆਂ ਗੰਭੀਰ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਕੋਲ ਹਜ਼ਾਰਾਂ ਕਰੋੜ ਰੁਪਏ ਅਜਿਹੀਆਂ ਸਕੀਮਾਂ ਲਈ ਹਨ, ਤਾਂ ਇਹ ਵੀ ਦੱਸੇ ਕਿ ਪਹਿਲਾਂ ਹੀ ਭਾਰੀ ਕਰਜ਼ੇ ਹੇਠ ਦੱਬੇ ਪੰਜਾਬ ਵਿਚ ਇਹ ਪੈਸਾ ਕਿੱਥੋਂ ਆਵੇਗਾ ਅਤੇ ਇਸ ਦਾ ਬੋਝ ਆਉਣ ਵਾਲੀਆਂ ਪੀੜ੍ਹੀਆਂ ‘ਤੇ ਕਿੰਨਾ ਪਵੇਗਾ। ਬਿੱਲਾ ਸ਼ੇਰੋ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਸਿਰਫ਼ ₹1500 ਦੀ ਸਕੀਮ ਤੱਕ ਹੀ ਆਪਣੀਆਂ ਉਮੀਦਾਂ ਸੀਮਤ ਨਹੀਂ ਰੱਖਣੀਆਂ ਚਾਹੀਦੀਆਂ। ਉਨ੍ਹਾਂ ਨੂੰ ਆਪਣੇ ਬੱਚਿਆਂ ਲਈ ਪੱਕੀਆਂ ਸਰਕਾਰੀ ਅਤੇ ਨਿੱਜੀ ਨੌਕਰੀਆਂ, ਨਵੇਂ ਉਦਯੋਗ, ਵਧੀਆ ਸਿੱਖਿਆ, ਉੱਚ ਪੱਧਰੀ ਸਿਹਤ ਸਹੂਲਤਾਂ, ਨਸ਼ਾ-ਮੁਕਤ ਪੰਜਾਬ ਅਤੇ ਮਜ਼ਬੂਤ ਆਰਥਿਕ ਨੀਤੀਆਂ ਦੀ ਵੀ ਮੰਗ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦਾ ਨੌਜਵਾਨ ਰੁਜ਼ਗਾਰ ਲਈ ਵਿਦੇਸ਼ਾਂ ਜਾਂ ਹੋਰ ਸੂਬਿਆਂ ਵਿਚ ਜਾਣ ਲਈ ਮਜਬੂਰ ਹੈ ਤਾਂ ਕੇਵਲ ਨਕਦ ਸਹਾਇਤਾ ਨਾਲ ਇਸ ਸਮੱਸਿਆ ਦਾ ਹੱਲ ਨਹੀਂ ਹੋਵੇਗਾ। ਲੋੜ ਅਜਿਹੀਆਂ ਨੀਤੀਆਂ ਦੀ ਹੈ ਜੋ ਨੌਜਵਾਨਾਂ ਨੂੰ ਆਪਣੇ ਹੀ ਸੂਬੇ ਵਿਚ ਰੁਜ਼ਗਾਰ ਅਤੇ ਬਿਹਤਰ ਭਵਿੱਖ ਦੇਣ।