ਤਰਨ ਤਾਰਨ, 4 ਜੁਲਾਈ (ਪਰਮਜੀਤ ਜੋਸ਼ੀ)–ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਤਰਨ ਤਾਰਨ ਵਲੋਂ ‘ਵਿਸ਼ਵ ਯੋਗ ਦਿਵਸ 2026’ ਦੇ ਮੌਕੇ ਤੇ ਸਥਾਨਕ ਗਾਂਧੀ ਪਾਰਕ ਵਿਖੇ ਸਿਹਤ ਜਾਗਰੂਕਤਾ ਪ੍ਰੋਗਰਾਮ ‘ਆਰੋਗਯ’ ਦੇ ਤਹਿਤ ਤਿੰਨ ਦਿਨਾਂ ਵਿਸ਼ਾਲ ਵਿਲੱਖਣ ਯੋਗ ਕੈਪ ਲਗਾਇਆ ਗਿਆ। ਜਿਸਦੇ ਅੱਜ ਪਹਿਲੇ ਦਿਨ ਸਵਾਮੀ ਵਿਗਿਆਨਾਨੰਦ ਜੀ ਨੇ ਦੱਸਿਆ ਕਿ ਆਪਣੇ ਆਪ ਵਿਚ ਸਥਿਤ ਹੋਣਾ ਹੀ ਚੰਗੀ ਸਿਹਤ ਦੀ ਜੜ੍ਹ ਹੈ। ਭਾਰਤੀ ਸੰਸਕ੍ਰਿਤੀ ਦੀ ਮਹਾਨ ਵਿਰਾਸਤ “ਯੋਗ” ਤੋਂ ਜਾਣੂ ਕਰਵਾਉਂਦੇ ਹੋਏ ਸਵਾਮੀ ਨੇ ਯੋਗ ਸਾਧਕਾਂ ਨੂੰ ਦੱਸਿਆ ਕਿ ਯੋਗ ਭਾਰਤ ਦੀ ਪ੍ਰਾਚੀਨ ਪਰੰਪਰਾ ਵਿਚੋਂ ਇਕ ਹੈ। ਇਹ ਇਕ ਅਨਮੋਲ ਤੋਹਫ਼ਾ ਹੈ। ਇਹ ਸਰੀਰ, ਮਨ ਅਤੇ ਆਤਮਾ ਦੀ ਇਕ ਅਵਸਥਾ ਮਨੁੱਖ ਅਤੇ ਕੁਦਰਤ ਵਿਚਕਾਰ ਏਕਤਾ, ਸੰਜਮ ਅਤੇ ਪੂਰਤੀ ਪ੍ਰਦਾਨ ਕਰਦਾ ਹੈ ਅਤੇ ਸਿਹਤ ਤੰਦਰੁਸਤੀ ਲਈ ਇਕ ਸੰਪੂਰਨ ਪਹੁੰਚ ਨੂੰ ਦਰਸਾਉਂਦਾ ਹੈ। ਇਹ ਕੇਵਲ ਕਸਰਤ ਬਾਰੇ ਨਹੀਂ ਹੈ, ਸਗੋਂ ਆਪਣੇ ਅੰਦਰ ਏਕਤਾ ਦੀ ਭਾਵਨਾ, ਸੰਸਾਰ ਅਤੇ ਕੁਦਰਤ ਦੀ ਖੋਜ ਹੈ। ਸਾਡੀ ਬਦਲਦੀ ਜੀਵਨ ਸ਼ੈਲੀ ਵਿਚ ਇਹ ਚੇਤਨਾ ਬਣ ਕੇ ਇਹ ਸਾਨੂੰ ਜਲਵਾਯੂ ਤਬਦੀਲੀ ਨਾਲ ਨਜਿੱਠਣ ਵਿੱਚ ਮਦਦ ਕਰ ਸਕਦਾ ਹੈ। ਇਸੇ ਲਈ ਇਹ ਬੜੇ ਮਾਣ ਨਾਲ ਕਿਹਾ ਜਾ ਸਕਦਾ ਹੈ ਕਿ ਭਾਰਤੀ ਯੋਗ ਰਿਸ਼ੀਆਂ ਦੁਆਰਾ ਦਿੱਤੀ ਗਈ ‘ਯੋਗ ਵਿਧੀ’ ਨੂੰ ਸਾਰੇ ਸੰਸਾਰ ਵਿਚ ਅਗਵਾਈ ਕਰਨ ਵਾਲੀਆਂ ਸਾਰੀਆਂ ਕੌਮਾਂ ਨੇ ਸਰਬਸੰਮਤੀ ਨਾਲ ਇੱਕ ਉੱਤਮ ਨਿਧੀ ਵਜੋਂ ਸਵੀਕਾਰ ਕੀਤਾ ਸੀ। ਇਸ ਲਈ ਦਸੰਬਰ 2014 ਵਿਚ ਸੰਯੁਕਤ ਰਾਸ਼ਟਰ ਸੰਘ ਦੀ ਮਹਾਂਸਭਾ ਨੇ ਹਰ ਸਾਲ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ” ਵਜੋਂ ਮਨਾਉਣ ਦਾ ਮਤਾ ਪਾਸ ਕੀਤਾ ਸੀ। ਯੋਗ ਦੀ ਰਹੱਸਮਈ ਵਿਆਖਿਆ ‘ਤੇ ਚਾਨਣਾ ਪਾਉਂਦੇ ਹੋਏ ਸਵਾਮੀ ਨੇ ਕਿਹਾ ਕਿ ਅੱਜ ਮੂਲ ਰੂਪ ਵਿਚ ਸਿਰਫ ਕੁਝ ਯੋਗਾਸਨਾਂ ਅਤੇ ਪ੍ਰਾਣਾਯਾਮ ਨੂੰ ਸੰਪੂਰਨ ਯੋਗ ਪ੍ਰਣਾਲੀ ਵਜੋਂ ਸਵੀਕਾਰ ਕੀਤਾ ਜਾਂਦਾ ਹੈ। ਇਸ ਮੌਕੇ ਤਾੜਾਸਨ, ਦੰਡਾਸਨ, ਕਟੀਚਕ੍ਰਾਸਨ, ਅਰਧ ਚੰਦਰਾਸਨ, ਦਵਿਚਕ੍ਰਾਸਨ, ਭੁਜੰਗਾਸਨ, ਨਾੜੀ ਸ਼ੋਧਨ, ਅਨੁਲੋਮ ਵਿਲੋਮ ਪ੍ਰਾਣਾਯਾਮ ਆਦਿ ਦਾ ਅਭਿਆਸ ਕਰਵਾਇਆ ਗਿਆ। ਸਾਰੇ ਹੀ ਸਾਧਕਾਂ ਨੇ ਸਰੀਰਕ ਸਿਹਤ ਨਾਲ ਭਰਪੂਰ ਪ੍ਰੋਗਰਾਮ ਦਾ ਭਰਪੂਰ ਲਾਭ ਉਠਾਇਆ।