ਤਰਨ ਤਾਰਨ, 4 ਜੁਲਾਈ (ਹਰਿੰਦਰ ਸਿੰਘ)– ਤਰਨ ਤਾਰਨ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਕਰਨਬੀਰ ਸਿੰਘ ਬੁਰਜ ਨੂੰ ਅੱਜ ਉਸ ਸਮੇਂ ਵੱਡਾ ਬਲ ਮਿਲਿਆ ਜਦੋਂ ਭਗਵਾਨ ਪਰਸ਼ੂ ਰਾਮ ਬ੍ਰਾਹਮਣ ਸਭਾ ਤਰਨ ਤਾਰਨ ਦੇ ਆਗੂਆਂ ਨੇ ਉਨ੍ਹਾਂ ਨੂੰ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ। ਸਭਾ ਦੇ ਪ੍ਰਧਾਨ ਮਾਸਟਰ ਸ਼ਕਤੀ ਸ਼ਰਮਾ ਦੀ ਅਗਵਾਈ ਹੇਠ ਹੋਈ ਮੀਟੰਗ ਦੌਰਾਨ ਸਰਬਸੰਮਤੀ ਨਾਲ ਫੈਸਲਾ ਲੈਂਦਿਆਂ ਸਭਾ ਦੇ ਅਹੁਦੇਦਾਰਾਂ ਨੇ ਕਰਨਬੀਰ ਸਿੰਘ ਬੁਰਜ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਮਾਸਟਰ ਸ਼ਕਤੀ ਸ਼ਰਮਾ ਨੇ ਕਿਹਾ ਕਿ ਕਰਨਬੀਰ ਸਿੰਘ ਬੁਰਜ ਹਮੇਸ਼ਾ ਹਰ ਵਰਗ ਦੀ ਆਵਾਜ਼ ਬਣੇ ਹਨ। ਉਨ੍ਹਾਂ ਦੱਸਿਆ ਕਿ ਬੁਰਜ ਨੇ ਬ੍ਰਾਹਮਣ ਸਮਾਜ ਦੇ ਮੁੱਦਿਆਂ ਨੂੰ ਸਮੇਂ-ਸਮੇਂ ਸਿਰ ਉਠਾਇਆ ਅਤੇ ਨੌਜਵਾਨਾਂ ਦੀ ਸਿੱਖਿਆ ਤੇ ਰੁਜ਼ਗਾਰ ਲਈ ਯਤਨ ਕੀਤੇ ਹਨ। ਇਸੇ ਕਾਰਨ ਸਭਾ ਨੇ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹਨ ਦਾ ਫੈਸਲਾ ਕੀਤਾ ਹੈ। ਸਨਮਾਨ ਸਮਾਗਮ ਦੌਰਾਨ ਸਭਾ ਦੇ ਆਗੂਆਂ ਚਰਨਜੀਤ ਰਾਏ, ਰੇਨੂੰ ਗੁਪਤਾ, ਅਨੀਤਾ ਵਰਮਾ, ਬਲਦੇਵ ਰਾਜ,ਰ ਵੀ ਕੁਮਾਰ ਸ਼ਰਮਾ, ਅਸ਼ੋਕ ਕੁਮਾਰ, ਵਿਜੇ ਕੁਮਾਰ ਜੋਸ਼ੀ, ਵਿਜੇ ਪੁੰਜ, ਹਰਵਿੰਦਰ ਕੁਮਾਰ , ਬਖਸ਼ੀਸ਼ ਸਿੰਘ ਜਵੰਦਾ,ਰਾਜ ਕੁਮਾਰ ਪੁੰਜ, ਨੇਕਚੰਦ ਪੁੰਜ ਤੇ ਹੋਰ ਅਹੁਦੇਦਾਰ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਆਗੂਆਂ ਨੇ ਕਰਨਬੀਰ ਸਿੰਘ ਬੁਰਜ ਨੂੰ ਸਿਰੋਪਾਓ ਭੇਂਟ ਕਰਕੇ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਸਭਾ ਵਲੋਂ ਉਨ੍ਹਾਂ ਨੂੰ ਭਗਵਾਨ ਪਰਸ਼ੂ ਰਾਮ ਜੀ ਦੀ ਤਸਵੀਰ ਵੀ ਭੇਂਟ ਕੀਤੀ ਗਈ। ਸਨਮਾਨ ਪ੍ਰਾਪਤ ਕਰਨ ਉਪਰੰਤ ਕਰਨਬੀਰ ਸਿੰਘ ਬੁਰਜ ਨੇ ਸਭਾ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਮਰਥਨ ਉਨ੍ਹਾਂ ਦੀ ਜ਼ਿੰਮੇਵਾਰੀ ਨੂੰ ਹੋਰ ਵਧਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਬ੍ਰਾਹਮਣ ਸਮਾਜ ਗਿਆਨ ਤੇ ਸੰਸਕਾਰ ਦਾ ਪ੍ਰਤੀਕ ਹੈ। ਮੈਂ ਹਮੇਸ਼ਾ ਸਮਾਜ ਦੇ ਹੱਕਾਂ ਲਈ ਲੜਦਾ ਰਹਾਂਗਾ ਅਤੇ ਤਰਨ ਤਾਰਨ ਹਲਕੇ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹਾਂ। ਬੁਰਜ ਨੇ ਅੱਗੇ ਕਿਹਾ ਕਿ ਕਾਂਗਰਸ ਪਾਰਟੀ ਸਾਰੇ ਧਰਮਾਂ ਤੇ ਜਾਤੀਆਂ ਨੂੰ ਨਾਲ ਲੈ ਕੇ ਚੱਲਣ ਵਾਲੀ ਪਾਰਟੀ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਜੇਕਰ ਪਾਰਟੀ ਨੂੰ ਸੇਵਾ ਦਾ ਮੌਕਾ ਮਿਲਦਾ ਹੈ ਤਾਂ ਤਰਨ ਤਾਰਨ ’ਚ ਸਿੱਖਿਆ, ਸਿਹਤ ਤੇ ਬੁਨਿਆਦੀ ਢਾਂਚੇ ਨੂੰ ਪਹਿਲ ਦਿੱਤੀ ਜਾਵੇਗੀ। ਇਸ ਮੌਕੇ ਵੱਡੀ ਗਿਣਤੀ ਵਿਚ ਸਭਾ ਦੇ ਮੈਂਬਰ, ਕਾਂਗਰਸੀ ਵਰਕਰ ਤੇ ਸ਼ਹਿਰ ਦੇ ਪਤਵੰਤੇ ਹਾਜ਼ਰ ਸਨ।