ਤਰਸਿੱਕਾ, 4 ਜੁਲਾਈ (ਅਤਰ ਸਿੰਘ ਤਰਸਿੱਕਾ-ਅੱਜ ਬਾਅਦ ਦੁਪਹਿਰ ਹਰਭਜਨ ਸਿੰਘ ਈਟੀਓ ਕੈਬਨਿਟ ਮੰਤਰੀ ਪੰਜਾਬ ਨੇ ਪਿੰਡ ਤਰਸਿੱਕਾ ਦੀ ਪੱਤੀ ਮਾਂਗਟ ਵਿਖੇ ਪਿੰਡ ਵਾਸੀਆਂ ਦੇ ਇਕ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਹੋਇਆਂ ਪਿੰਡ ਤਰਸਿੱਕਾ ‘ਚ ਸਮੁੱਚੇ ਵਿਕਾਸ ਤੇ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਰਕਾਰੀ ਸਹੂਲਤਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਉਨ੍ਹਾਂ ਨੇ ਕਿਹਾ ਪਿੰਡ ਤਰਸਿੱਕਾ ‘ਚ 14 ਕਰੋੜ 80 ਲੱਖ ਰੁਪਏ ਦੀ ਗਰਾਂਟ ਨਾਲ ਪਿੰਡ ਤਰਸਿੱਕਾ ਦੇ ਚੁਫੇਰੇ ਸੰਪਰਕ ਸੜਕਾਂ ਪੱਕੀਆਂ ਬਣਾਉਣ, ਸਟੇਡੀਅਮ, ਮਾਲ ਮੰਡੀ ‘ਚ ਸ਼ੈੱਡ ਬਣਾਉਣ, ਪਿੰਡ ਦੀ ਰੋਹੀ ਪੱਕੀ ਬਣਾਉਣ ਤੇ ਬਸ ਸਟੈਂਡ ‘ਤੇ ਸ਼ੈੱਡ ਬਣਾਉਣ ਤੋਂ ਇਲਾਵਾ ਪਿੰਡ ਦੀਆਂ ਗਲੀਆਂ ਨਾਲੀਆਂ ਜੋ 70 ਸਾਲਾਂ ਤੋਂ ਕਿਸੇ ਸਰਕਾਰ ਨੇ ਵੀ ਨਹੀਂ ਸਨ ਬਣਾਈਆਂ ਪਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਹੀ ਬਣੀਆਂ ਹਨ। ਇਸ ਮੌਕੇ ਜਗਦੀਪ ਸਿੰਘ ਸਰਪੰਚ ਤਰਸਿੱਕਾ, ਜਰਮਨਜੀਤ ਸਿੰਘ ਸਰਪੰਚ ਕਸਬਾ ਪੁਲ ਨਹਿਰ ਤਰਸਿੱਕਾ, ਇੰਜੀਨੀਅਰ ਬਲਰਾਜ ਸਿੰਘ ਪ੍ਰਧਾਨ ਸਰਕਲ ਤਰਸਿੱਕਾ, ਬਾਬਾ ਬਲਵੰਤ ਸਿੰਘ ਮਾਂਗਟ, ਵਿਸ਼ਾਲ ਸ਼ਰਮਾ, ਰਮੇਸ਼ ਅਵਸਥੀ ਚੇਅਰਮੈਨ ਵਪਾਰ ਮੰਡਲ ਹਲਕਾ ਜੰਡਿਆਲਾ ਗੁਰੂ, ਸੁਖਵਿੰਦਰ ਸਿੰਘ ਚੱਕੀ ਵਾਲੇ ਤੇ ਗੁਰਜੀਤ ਸਿੰਘ ਬੱਗੀ ਫਰਨੀਚਰ ਵਾਲੇ ਆਦਿ ਪ੍ਰਮੁੱਖ ਆਗੂ ਹਾਜ਼ਰ ਸਨ।