ਖਡੂਰ ਸਾਹਿਬ, 10 ਜੁਲਾਈ (ਰਸ਼ਪਾਲ ਸਿੰਘ ਕੁਲਾਰ)- ਪਿਛਲੇ ਸਾਢੇ ਚਾਰ ਸਾਲਾਂ ਤੋਂ ਭਗਵੰਤ ਮਾਨ ਸਰਕਾਰ ਵਲੋਂ ਲਗਾਏ ਜਾ ਰਹੇ ਲਾਰਿਆਂ ਤੋਂ ਪਰੇਸਾਨ ਪੰਜਾਬ ਭਰ ਦੇ ਨੰਬਰਦਾਰਾਂ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਪ੍ਰਤੀ ਭਾਰੀ ਰੋਸ ਹੈ, ਜਿਸ ਦੇ ਸਬੰਧ ਵਿਚ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਦੇ ਦਿਸ਼ਾ ਨਿਰਦੇਸ਼ਾ ਤਹਿਤ ਅਤੇ ਸੂਬਾ ਕਾਰਜਕਾਰੀ ਪ੍ਰਧਾਨ ਗੁਰਦਰਸਨ ਸਿੰਘ ਗਲੌਲੀ ਦੀ ਪ੍ਰਧਾਨਗੀ ਹੇਠ ਪੰਜਾਬ ਨੰਬਰਦਾਰ ਯੂਨੀਅਨ ਵਲੋਂ ਚੰਡੀਗੜ੍ਹ ਵਿਖੇ 14 ਜੁਲਾਈ ਨੂੰ ਸੂਬਾਈ ਆਗੂਆਂ ਦੀ ਇਕ ਅਹਿਮ ਮੀਟਿੰਗ ਕੀਤੀ ਜਾ ਰਹੀ ਹੈ, ਜਿਸ ਵਿਚ ਭਗਵੰਤ ਮਾਨ ਵਲੋਂ 2022 ਵਿਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾ ਯੂਨੀਅਨ ਨੂੰ ਦੋ ਮੰਗਾਂ ਦੀ ਦਿੱਤੀ ਗਰੰਟੀ ਜਿਨ੍ਹਾਂ ਵਿਚ ਮਾਣਭੱਤਾ ਵਧਾਉਣਾ ਅਤੇ ਨੰਬਰਦਾਰੀ ਪਿਤਾ ਪੁਰਖੀ ਕਰਨਾ ਸੀ ਨੂੰ ਲਾਗੂ ਕਰਵਾਉਣ ਲਈ ਰਣਨੀਤੀ ਤਿਆਰ ਕੀਤੀ ਜਾਵੇਗੀ। ਇਹ ਜਾਣਕਾਰੀ ਪੰਜਾਬ ਨੰਬਰਦਾਰ ਯੂਨੀਅਨ ਦੇ ਸੂਬਾ ਸਕਤਰ ਜਨਰਲ ਰਸ਼ਪਾਲ ਸਿੰਘ ਰਾਮਪੁਰ ਅਤੇ ਸੀਨੀਅਰ ਮੀਤ ਪ੍ਰਧਾਨ ਹਰਕਮਲ ਸਿੰਘ ਮੁੰਧ ਨੇ ਸਾਂਝੀ ਕਰਦਿਆਂ ਦੱਸਿਆ ਕਿ ਮੀਟਿੰਗ ਉਪਰੰਤ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਨੰਬਰਦਾਰਾਂ ਦਾ ਇਕ ਵਫਦ ਵੀ ਮਿਲੇਗਾ ਜੋ ਨੰਬਰਦਾਰਾਂ ਵਲੋਂ ਸਰਕਾਰ ਖਿਲਾਫ ਪਾਏ ਜਾ ਰਹੇ ਭਾਰੀ ਰੋਸ ਤੋਂ ਜਾਣੂ ਕਰਵਾਏਗਾ। ਇਸ ਮੌਕੇ ਹਰਕਮਲ ਸਿੰਘ ਮੁੰਧ ਨੇ ਕਿਹਾ ਕਿ ਸਰਪੰਚਾਂ ਦੀ ਤਰਜ ’ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੰਬਰਦਾਰਾਂ ਨੂੰ ਤੇਰਾਂ ਨੁਕਾਤੀ ਏਜੰਡੇ ਵਿਚ ਦਿੱਤੀਆਂ ਦੋ ਗਰੰਟੀਆਂ ਤਰੁੰਤ ਲਾਗੂ ਕਰਨ ਤਾਂ ਜੋ 2027 ਵਿਚ ਆਮ ਆਦਮੀ ਪਾਰਟੀ ਨੂੰ ਨੰਬਰਦਾਰਾਂ ਦੇ ਵਿਰੋਧ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਉਨ੍ਹਾਂ ਪੰਜਾਬ ਨੰਬਰਦਾਰ ਯੂਨੀਅਨ ਦੇ ਸਮੂਹ ਸੂਬਾ ਬਾਡੀ ਦੇ ਅਹੁਦੇਦਾਰਾਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ।