07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਗੋਲਡਨ ਐਵੇਨਿਊ ਵਿਖੇ ਹੋਟਲਾਂ ਦੇ ਅੰਨ੍ਹੇਵਾਹ ਖੁੱਲ੍ਹਣ ਨਾਲ ਪਾਰਕਿੰਗ ਸੰਕਟ ਹੋਇਆ ਹੋਰ ਡੂੰਘਾ

Ad Position 21
No active advertisement
ਅਜੀਤ ਡੈਸਕ 11-07-2026
ਅੰਮ੍ਰਿਤਸਰ, 10 ਜੁਲਾਈ (ਰਾਜੇਸ਼ ਕੁਮਾਰ ਸ਼ਰਮਾ)-ਗੋਲਡਨ ਐਵੇਨਿਊ ਵਿਖੇ ਹਾਲ ਹੀ ਦੇ ਸਮੇਂ ‘ਚ ਹੋਟਲਾਂ ਦੀ ਗਿਣਤੀ ‘ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਹੋਟਲਾਂ ‘ਚ ਪਾਰਕਿੰਗ ਦੀਆਂ ਢੁਕਵੀਆਂ ਸਹੂਲਤਾਂ ਦੀ ਘਾਟ ਹੈ, ਜਿਸ ਕਾਰਨ ਨਾਗਰਿਕਾਂ ਤੇ ਸਥਾਨਕ ਨਿਵਾਸੀਆਂ ਨੂੰ ਕਾਫ਼ੀ ਅਸੁਵਿਧਾ ਹੋ ਰਹੀ ਹੈ। ਹੋਟਲਾਂ ‘ਚ ਆਉਣ ਵਾਲੇ ਵਾਹਨਾਂ ਦੀ ਗਿਣਤੀ ਨੂੰ ਦੇਖਦੇ ਹੋਏ ਪਾਰਕਿੰਗ ਸਹੂਲਤਾਂ ਦੀ ਘਾਟ ਇਕ ਗੰਭੀਰ ਸਮੱਸਿਆ ਬਣ ਗਈ ਹੈ। ਪਾਰਕਿੰਗ ਸਹੂਲਤਾਂ ਦੀ ਘਾਟ ਕਾਰਨ ਹੋਟਲ ਗਾਹਕ ਤੇ ਸੈਲਾਨੀ ਆਪਣੇ ਵਾਹਨ ਸੜਕਾਂ ਦੇ ਕਿਨਾਰਿਆਂ ਅਤੇ ਫੁੱਟਪਾਥਾਂ ‘ਤੇ ਪਾਰਕ ਕਰ ਰਹੇ ਹਨ। ਇਸ ਨਾਲ ਨਾ ਸਿਰਫ਼ ਆਵਾਜਾਈ ਦਾ ਪ੍ਰਵਾਹ ਵਿਘਨ ਪਿਆ ਹੈ ਬਲਕਿ ਨਾਗਰਿਕਾਂ ਨੂੰ ਆਉਣ-ਜਾਣ ‘ਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕੇ ‘ਚ ਅਕਸਰ ਲੰਬੇ ਟ੍ਰੈਫਿਕ ਜਾਮ ਲੱਗਦੇ ਹਨ, ਜਿਸ ਨਾਲ ਕੀਮਤੀ ਸਮਾਂ ਬਰਬਾਦ ਹੁੰਦਾ ਹੈ। ਨਿਯਮਾਂ ਅਨੁਸਾਰ ਕਿਸੇ ਵੀ ਹੋਟਲ ਜਾਂ ਵਪਾਰਕ ਸੰਸਥਾ ਲਈ ਲੋੜੀਂਦੀ ਪਾਰਕਿੰਗ ਜਗ੍ਹਾ ਹੋਣੀ ਚਾਹੀਦੀ ਹੈ, ਪਰ ਇਸ ਨਿਯਮ ਦੀ ਪਾਲਣਾ ਨਹੀਂ ਕੀਤੀ ਜਾ ਰਹੀ। ਨਾ ਤਾਂ ਪ੍ਰਸ਼ਾਸਨਿਕ ਅਧਿਕਾਰੀ ਤੇ ਨਾ ਹੀ ਹੋਟਲ ਸੰਚਾਲਕ ਇਸ ਹਫੜਾ-ਦਫੜੀ ਦੀ ਜ਼ਿੰਮੇਵਾਰੀ ਲੈ ਰਹੇ ਹਨ। ਪ੍ਰਸ਼ਾਸਨ ਨੂੰ ਗੋਲਡਨ ਐਵੇਨਿਊ ‘ਤੇ ਸਾਰੇ ਹੋਟਲਾਂ ਦਾ ਤੁਰੰਤ ਨਿਰੀਖਣ ਕਰਨਾ ਚਾਹੀਦਾ ਹੈ ਅਤੇ ਪਾਰਕਿੰਗ ਸਹੂਲਤਾਂ ਦੀ ਸਥਿਤੀ ਦੀ ਜਾਂਚ ਕਰਨੀ ਚਾਹੀਦੀ ਹੈ।
ਕੀ ਕਹਿਣਾ ਹੈ ਇਲਾਕਾ ਨਿਵਾਸੀਆਂ ਦਾ-ਇਲਾਕਾ ਨਿਵਾਸੀ ਤੇ ਡੀ. ਏ. ਵੀ. ਕਾਲਜ ਅੰਮ੍ਰਿਤਸਰ ਦੇ ਪ੍ਰੋਫੈਸਰ ਸੰਦੀਪ ਕੁਮਾਰ ਨੇ ਕਿਹਾ ਕਿ ਇਹ ਸਮੱਸਿਆ ਉਨ੍ਹਾਂ ਦੇ ਰੋਜ਼ਾਨਾ ਜੀਵਨ ਨੂੰ ਪ੍ਰਭਾਵਿਤ ਕਰ ਰਹੀ ਹੈ। ਸੜਕਾਂ ‘ਤੇ ਗ਼ੈਰ-ਕਾਨੂੰਨੀ ਪਾਰਕਿੰਗ ਐਮਰਜੈਂਸੀ ਵਾਹਨਾਂ ਦੀ ਆਵਾਜਾਈ ‘ਚ ਵੀ ਰੁਕਾਵਟ ਪਾਉਂਦੀ ਹੈ, ਜੋ ਕਿਸੇ ਵੀ ਐਮਰਜੈਂਸੀ ‘ਚ ਘਾਤਕ ਸਾਬਤ ਹੋ ਸਕਦੀ ਹੈ। ਇਸ ਪਾਰਕਿੰਗ ਸਮੱਸਿਆ ਨੇ ਕਈ ਵਾਰ ਹਿੰਸਕ ਰੂਪ ਵੀ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਹੋਟਲਾਂ ਨੂੰ ਇਜਾਜ਼ਤ ਦਿੰਦੇ ਸਮੇਂ ਪਾਰਕਿੰਗ ਪ੍ਰਬੰਧਾਂ ਵੱਲ ਪੂਰਾ ਧਿਆਨ ਨਹੀਂ ਦੇ ਰਿਹਾ ਹੈ। ਜਿਨ੍ਹਾਂ ਹੋਟਲਾਂ ‘ਚ ਪਾਰਕਿੰਗ ਸਹੂਲਤਾਂ ਨਹੀਂ ਹਨ, ਉਨ੍ਹਾਂ ਨੂੰ ਤੁਰੰਤ ਨੋਟਿਸ ਜਾਰੀ ਕੀਤੇ ਜਾਣੇ ਚਾਹੀਦੇ ਹਨ ਅਤੇ ਉਨ੍ਹਾਂ ਦੀ ਪਾਲਣਾ ਕਰਨ ਲਈ ਕਿਹਾ ਜਾਣਾ ਚਾਹੀਦਾ ਹੈ। ਇਲਾਕੇ ‘ਚ ਕਮਿਊਨਿਟੀ ਪਾਰਕਿੰਗ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ ਤੇ ਗ਼ੈਰ-ਕਾਨੂੰਨੀ ਪਾਰਕਿੰਗ ਨੂੰ ਰੋਕਣ ਲਈ ਟ੍ਰੈਫਿਕ ਪੁਲਿਸ ਨੂੰ ਸਖ਼ਤ ਨਿਰਦੇਸ਼ ਦਿੱਤੇ ਜਾਣੇ ਚਾਹੀਦੇ ਹਨ। ਇਹ ਸਮੱਸਿਆ ਦਿਨੋ-ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਜੇਕਰ ਇਸ ਨੂੰ ਤੁਰੰਤ ਹੱਲ ਨਾ ਕੀਤਾ ਗਿਆ ਤਾਂ ਇਹ ਭਵਿੱਖ ‘ਚ ਹੋਰ ਵੀ ਵੱਡਾ ਸੰਕਟ ਬਣ ਸਕਦੀ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਅਤੇ ਤੁਰੰਤ ਕਾਰਵਾਈ ਕਰਨ ਤਾਂ ਜੋ ਆਮ ਨਾਗਰਿਕਾਂ ਨੂੰ ਰਾਹਤ ਮਿਲ ਸਕੇ।
ਇਸ ਮਾਮਲੇ ਸੰਬੰਧੀ ਜਦ ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨਾਲ ਫੋਨ ‘ਤੇ ਸੰਪਰਕ ਕਰਨ ਦੀ ਕੋਸ਼ਿਸ ਕੀਤੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
Ad Position 22
No active advertisement
ਪਿਛਲੀ ਖ਼ਬਰ ਕਿਸਾਨ ਸਭਾ, ਖੇਤ ਮਜ਼ਦੂਰ ਤੇ ਆਂਗਨਵਾੜੀ, ਆਸ਼ਾ ਵਰਕਰਾਂ ਵਲੋਂ ਡੀ.ਸੀ. ਦਫ਼ਤਰ ਮੂਹਰੇ ਧਰਨਾ ਅਗਲੀ ਖ਼ਬਰ ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ‘ਪ੍ਰਗਿਆ’ ਸਕੀਮ ਸੰਬੰਧੀ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ
Ad Position 24
No active advertisement