ਤਰਨ ਤਾਰਨ, 11 ਜੁਲਾਈ (ਹਰਿੰਦਰ ਸਿੰਘ)– ਜਮਹੂਰੀ ਕਿਸਾਨ ਸਭਾ ਪੰਜਬ ਤਰਨ ਤਾਰਨ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਬਾਗੂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਜ ਉਨ੍ਹਾਂ ਨੇ ਤਰਨ ਤਾਰਨ ਕੋਆਪਰੇਟਿਵ ਸ਼ੂਗਰ ਮਿੱਲ ਲਿਮਿਟਡ ਦਾ ਦੌਰਾ ਕਰਕੇ ਮਿੱਲ ਦੀ ਮੌਜੂਦਾ ਹਾਲਤ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਮਿੱਲ ਦੀ ਇਮਾਰਤ ਅਤੇ ਮਸ਼ੀਨਰੀ ਨੂੰ ਦੇਖ ਕੇ ਸਪੱਸ਼ਟ ਹੈ ਕਿ ਜੇਕਰ ਸਰਕਾਰ ਇੱਛਾ ਸ਼ਕਤੀ ਦਿਖਾਏ ਤਾਂ ਅੱਜ ਵੀ ਇਹ ਮਿੱਲ ਚਾਲੂ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਸ਼ੇਰੋਂ ਸ਼ੂਗਰ ਮਿੱਲ ਬੰਦ ਪਈ ਹੈ ਅਤੇ ਇਸ ਨੂੰ ਮੁੜ ਚਾਲੂ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਨਾਲ ਜੁੜੀਆਂ ਕਿਸਾਨ ਜਥੇਬੰਦੀਆਂ ਵਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਮਿੱਲ ਦੇ ਮੁੱਖ ਗੇਟ ਅੱਗੇ ਪੱਕਾ ਮੋਰਚਾ ਜਾਰੀ ਹੈ ਅਤੇ ਧਰਨੇ, ਰੋਸ ਪ੍ਰਦਰਸ਼ਨ ਲਗਾਤਾਰ ਚੱਲ ਰਹੇ ਹਨ । ਉਨ੍ਹਾਂ ਕਿਹਾ ਕਿ ਮਿੱਲ ਚਾਲੂ ਹੋਣ ਨਾਲ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹ ਮਿਲੇਗਾ, ਗੰਨਾ ਕਾਸ਼ਤਕਾਰਾਂ ਨੂੰ ਲਾਭ ਹੋਵੇਗਾ ਅਤੇ ਇਲਾਕੇ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਮਨਜੀਤ ਸਿੰਘ ਬਾਗੂ ਨੇ ਦੋਸ਼ ਲਗਾਇਆ ਕਿ ਸਾਲ 2007 ਤੋਂ 2017 ਤੱਕ ਅਕਾਲੀ-ਭਾਜਪਾ ਸਰਕਾਰ, ਉਸ ਤੋਂ ਬਾਅਦ ਪੰਜ ਸਾਲ ਕਾਂਗਰਸ ਸਰਕਾਰ ਅਤੇ ਹੁਣ ਪਿਛਲੇ ਚਾਰ ਸਾਲਾਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਵਿਚ ਉਦਯੋਗਾਂ ਨੂੰ ਬਚਾਉਣ ਦੇ ਵੱਡੇ-ਵੱਡੇ ਦਾਅਵੇ ਕੀਤੇ ਅਤੇ ਨਿਵੇਸ਼ ਦੇ ਨਾਂ ’ਤੇ ਕਈ ਐਲਾਨ ਕੀਤੇ ਪਰ ਜ਼ਮੀਨੀ ਪੱਧਰ ’ਤੇ ਉਦਯੋਗਾਂ ਨੂੰ ਮੁੜ ਚਾਲੂ ਕਰਨ ਲਈ ਲੋੜੀਂਦੀ ਇੱਛਾ ਸ਼ਕਤੀ ਨਹੀਂ ਦਿਖਾਈ । ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਦਾਅਵਾ ਹੈ ਕਿ ਮਿੱਲ ਦੀ ਪੂੰਜੀ ਵਿਚ ਉਨ੍ਹਾਂ ਦੀ ਲਗਪਗ 60 ਫ਼ੀਸਦੀ ਹਿੱਸੇਦਾਰੀ ਹੈ । ਇਸ ਦੇ ਬਾਵਜੂਦ ਪੰਜਾਬ ਸਰਕਾਰ ਵਲੋਂ ਮਿੱਲ ਦੀ ਕਰੀਬ 98 ਏਕੜ ਜ਼ਮੀਨ ਹੋਰ ਸਰਕਾਰੀ ਸੰਸਥਾਵਾਂ ਨੂੰ ਦੇਣ ਜਾਂ ਇਸਦੀ ਵਰਤੋਂ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸਦਾ ਕਿਸਾਨ ਸਖ਼ਤ ਵਿਰੋਧ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹਿੱਸੇਦਾਰਾਂ ਦੀ ਸਹਿਮਤੀ ਤੋਂ ਬਿਨਾਂ ਮਿੱਲ ਦੀ ਜ਼ਮੀਨ ਜਾਂ ਸੰਪੰਤੀ ਨਾਲ ਕੋਈ ਵੀ ਛੇੜਛਾੜ ਕਬੂਲ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰਾਂ ਪਹਿਲਾਂ ਲੋਕਾਂ ਦੀ ਜ਼ਮੀਨ ਉਦਯੋਗ ਲਗਾਉਣ ਦੇ ਨਾਂ ‘ਤੇ ਐਕਵਾਇਰ ਕਰਦੀਆਂ ਹਨ, ਪਰ ਬਾਅਦ ਵਿਚ ਉਦਯੋਗ ਬੰਦ ਹੋਣ ਉਪਰੰਤ ਉਹ ਜ਼ਮੀਨਾਂ ਨੂੰ ਹੋਰ ਮਕਸਦਾਂ ਲਈ ਵਰਤਣ ਜਾਂ ਵੇਚਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਭਗਵੰਤ ਮਾਨ ਸਰਕਾਰ ਨੇ ਮਿੱਲ ਨੂੰ ਚਾਲੂ ਕਰਨ ਦੀ ਬਜਾਏ ਇਸਦੀ ਜ਼ਮੀਨ ਵੇਚਣ ਦੀ ਦਿਸ਼ਾ ਵਿਚ ਕਦਮ ਚੁੱਕੇ ਹਨ । ਜੋ ਆਮ ਆਦਮੀ ਪਾਰਟੀ ਦੇ ਦਾਅਵਿਆਂ ਅਤੇ ਵਾਅਦਿਆਂ ਦੇ ਉਲਟ ਹਨ, ਜਿਸ ਖਿਲਾਫ ਇਲਾਕੇ ਦੇ ਲੋਕਾਂ ਵਿਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕੇ ਮਿੱਲ ਚਾਲੂ ਕਰਾਉਣ ਤੱਕ ਸੰਘਰਸ਼ ਜਾਰੀ ਰਹੇਗਾ| ਮਨਜੀਤ ਸਿੰਘ ਬਾਗੂ ਨੇ ਕਿਹਾ ਕਿ ਜੇਕਰ ਸ਼ੇਰੋਂ ਸ਼ੂਗਰ ਮਿੱਲ ਮੁੜ ਚਾਲੂ ਹੁੰਦੀ ਹੈ ਤਾਂ ਨੇੜਲੇ ਪਿੰਡਾਂ ਦੇ ਲਗਪਗ 1000 ਨੌਜਵਾਨਾਂ ਨੂੰ ਸਿੱਧਾ ਰੁਜ਼ਗਾਰ ਮਿਲ ਸਕਦਾ ਹੈ।