ਤਰਨ ਤਾਰਨ, 11 ਜੁਲਾਈ (ਹਰਿੰਦਰ ਸਿੰਘ)—ਸ਼੍ਰੋਮਣੀ ਅਕਾਲੀ ਦਲ ਇਕ ਪੰਥਕ ਪਾਰਟੀ ਹੈ, ਜਿਸ ਨੇ ਹਮੇਸ਼ਾ ਹੀ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਹੈ ਅਤੇ ਪੰਜਾਬ ਵਿਰੋਧੀ ਕੇਂਦਰ ਵਲੋਂ ਲਏ ਜਾਂਦੇ ਫੈਸਲਿਆਂ ਖਿਲਾਫ਼ ਡੱਟ ਕੇ ਸੰਘਰਸ਼ ਕੀਤਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਗੁਰਸੇਵਕ ਸਿੰਘ ਸ਼ੇਖ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਅਤੇ ਸਾਬਕਾ ਚੇਅਰਮੈਨ ਦਲਬੀਰ ਸਿੰਘ ਜਹਾਂਗੀਰ ਨੇ ਇਕ ਮੀਟਿੰਗ ਦੌਰਾਨ ਵੱਖ-ਵੱਖ ਮੁੱਦਿਆਂ ’ਤੇ ਵਿਚਾਰ ਚਰਚਾ ਕਰਨ ਮੌਕੇ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੀ ਭਲਾਈ ਲਈ ਸੋਚਦੀ ਹੈ ਅਤੇ ਜਦੋਂ ਵੀ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ, ਉਦੋਂ ਹੀ ਲੋਕਾਂ ਨੂੰ ਸਾਰੀਆਂ ਸੁੱਖ ਸਹੂਲਤਾਂ ਅਤੇ ਪੰਜਾਬ ਦਾ ਸਰਵਪੱਖੀ ਵਿਕਾਸ ਹੋਇਆ ਸੀ। ਉਨ੍ਹਾਂ ਕਿਹਾ ਕਿ ਫਿਲਮ ਸਤੁਲਜ ’ਤੇ ਸਰਕਾਰ ਵਲੋਂ ਬੈਨ ਲਗਾਉਣਾ ਮੰਦਭਾਗਾ ਫੈਸਲਾ ਹੈ ਕਿਉਂਕਿ ਫਿਲਮ ਸਤਲੁਜ 90 ਦੇ ਦਹਾਕੇ ਵਿਚ ਪੰਜਾਬ ਵਿਚ ਨੌਜਵਾਨਾਂ ਉਪਰ ਹੋਏ ਹੋਏ ਅਣਮਨੁੱਖੀ ਤਸ਼ੱਦਦ ਦਾ ਦੁੱਖ ਬਿਆਨ ਕਰਦੀ ਹੈ, ਉਥੇ ਮਨੁੱਖੀ ਅਧਿਕਾਰਾਂ ਲਈ ਲੜਨ ਵਾਲੇ ਭਾਈ ਜਸਵੰਤ ਸਿੰਘ ਖਾਲੜਾ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ ਅਤੇ ਉਨ੍ਹਾਂ ਦੀ ਸ਼ਹੀਦੀ ਇਸ ਫਿਲਮ ਰਾਹੀਂ ਸੱਚਾਈ ਨੂੰ ਸਾਹਮਣੇ ਲੈ ਕੇ ਆ ਰਹੀ ਹੈ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਪਤਾ ਚੱਲ ਸਕੇ ਕਿ ਕਿਸ ਤਰ੍ਹਾਂ ਪੰਜਾਬ ਵਿਚ ਲੋਕਾਂ ਉਪਰ ਅੱਤਿਆਚਾਰ ਹੋਇਆ ਸੀ ਪਰ ਕੁਝ ਸਮਾਜ ਵਿਰੋਧੀ ਤਾਕਤਾਂ ਨੂੰ ਇਹ ਹਜ਼ਮ ਨਹੀਂ ਹੋ ਰਿਹਾ ਹੈ, ਜਿਸ ਕਾਰਨ ਇਸ ਫਿਲਮ ਉਪਰ ਬੈਨ ਲਗਾਇਆ ਗਿਆ, ਜਿਸ ਉਪਰੋਂ ਤੁਰੰਤ ਪਾਬੰਦੀ ਹਟਾਉਣੀ ਚਾਹੀਦੀ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਜਾਰੀ ਹੋਏ ਹੁਕਮ ਤਹਿਤ 14 ਜੁਲਾਈ ਨੂੰ ਹਰੀਕੇ ਪੱਤਣ ਵਿਚ ਸ਼ਹੀਦਾਂ ਦੀ ਯਾਦ ਵਿਚ ਅਰਦਾਸ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਸਾਨੂੰ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਜਲੀ ਭੇਟ ਕਰਨੀ ਚਾਹੀਦੀ ਹੈ । ਇਸ ਮੌਕੇ ਉਨ੍ਹਾਂ ਨਾਲ ਗੁਰਪ੍ਰੀਤ ਸਿੰਘ ਗੋਲਡੀ ਸਰਪੰਚ, ਰਣਜੋਧ ਸਿੰਘ ਵਾਂ, ਸਰਵਣ ਸਿੰਘ ਵੀ ਹਾਜ਼ਰ ਸਨ।