ਅਜਨਾਲਾ, 12 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਹਲਕਾ ਅਜਨਾਲਾ ਦੇ ਇੰਚਾਰਜ ਜੋਧ ਸਿੰਘ ਸਮਰਾ ਵਲੋਂ ਪਿੰਡ ਕਿਆਮਪੁਰ ਦੇ ਹੋਣਹਾਰ ਫੁੱਟਬਾਲ ਖਿਡਾਰੀ ਸ਼ਹਿਬਾਜਪ੍ਰੀਤ ਸਿੰਘ ਪੁੱਤਰ ਆਜ਼ਾਦਵਿੰਦਰ ਸਿੰਘ ਨੂੰ ਫੁੱਟਬਾਲ ਖੇਡ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ’ਤੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ । ਹਲਕਾ ਇੰਚਾਰਜ ਸਮਰਾ ਨੇ ਦੱਸਿਆ ਕਿ ਸ਼ਹਿਬਾਜਪ੍ਰੀਤ ਸਿੰਘ ਨੇ ਜੇ.ਸੀ.ਟੀ. ਫੁੱਟਬਾਲ ਅਕੈਡਮੀ ਫਗਵਾੜਾ ਵਲੋਂ ਖੇਡਦਿਆਂ ਛੱਤੀਸਗੜ੍ਹ ਵਿਖੇ ਹੋਏ ਮੁਕਾਬਲਿਆਂ ਵਿਚ ਆਪਣੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਕੇ ਨਾ ਸਿਰਫ਼ ਆਪਣੇ ਪਰਿਵਾਰ, ਸਗੋਂ ਪਿੰਡ ਕਿਆਮਪੁਰ ਅਤੇ ਸਮੂਹ ਅਜਨਾਲਾ ਹਲਕੇ ਦਾ ਨਾਮ ਵੀ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹੋਣਹਾਰ ਖਿਡਾਰੀ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹਨ ਅਤੇ ਪੰਜਾਬ ਦੀ ਖੇਡ ਸੰਸਕ੍ਰਿਤੀ ਨੂੰ ਅੱਗੇ ਵਧਾਉਣ ਵਿਚ ਅਹਿਮ ਭੂਮਿਕਾ ਨਿਭਾਅ ਰਹੇ ਹਨ । ਸ਼ਹਿਬਾਜਪ੍ਰੀਤ ਸਿੰਘ ਨੇ ਆਪਣੀ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਲਗਨ ਨਾਲ ਇਹ ਉਪਲਬੱਧੀ ਹਾਸਿਲ ਕੀਤੀ ਹੈ, ਅਜਿਹੇ ਖਿਡਾਰੀਆਂ ਨੂੰ ਹੌਸਲਾ ਦੇਣਾ ਸਾਡਾ ਫ਼ਰਜ਼ ਹੈ । ਸ. ਸਮਰਾ ਨੇ ਇਹ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਨੌਜਵਾਨਾਂ ਅਤੇ ਖਿਡਾਰੀਆਂ ਦੇ ਨਾਲ ਖੜ੍ਹਾ ਹੈ। ਇਸ ਮੌਕੇ ਬਲਾਕ ਸੰਮਤੀ ਮੈਂਬਰ ਕਰਮਬੀਰ ਸਿੰਘ ਮੰਨੂੰ ਕਿਆਮਪੁਰ, ਹਰਿੰਦਰ ਸਿੰਘ ਕਿਆਮਪੁਰਾ, ਆਜ਼ਾਦਵਿੰਦਰ ਸਿੰਘ, ਇੰਦਰਜੀਤ ਸਿੰਘ ਪੰਚ, ਨੰਬਰਦਾਰ ਗੁਰਵਿੰਦਰ ਸਿੰਘ, ਗੁਰਜੀਤ ਸਿੰਘ ਚੀਮਾ, ਨਿਸ਼ਾਨ ਸਿੰਘ ਪੰਚ ਸਮੇਤ ਹੋਰ ਹਾਜ਼ਰ ਸਨ ।
ਜੋਧ ਸਿੰਘ ਸਮਰਾ ਵਲੋਂ ਪਿੰਡ ਕਿਆਮਪੁਰ ਦੇ ਫੁੱਟਬਾਲ ਖਿਡਾਰੀ ਕਿਆਮਪੁਰ ਦਾ ਸਨਮਾਨ
ਅਜੀਤ ਡੈਸਕ
13-07-2026