ਤਰਨ ਤਾਰਨ, 16 ਜੁਲਾਈ (ਹਰਿੰਦਰ ਸਿੰਘ)– ਪੰਜਾਬ ਸਰਕਾਰ ਵਲੋਂ ਵਾਰ-ਵਾਰ ਭਰੋਸੇ ਦਿੱਤੇ ਜਾਣ ਦੇ ਬਾਵਜੂਦ ਮੰਨੀਆਂ ਹੋਈਆਂ ਮੰਗਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਨਾ ਕੀਤੇ ਜਾਣ ਦੇ ਵਿਰੋਧ ਵਿਚ ਵੀਰਵਾਰ ਨੂੰ ਪੰਜਾਬ ਭਰ ਦੇ ਕਮਿਊਨਟੀ ਹੈਲਥ ਅਫ਼ਸਰਾਂ ਨੇ ਜ਼ਿਲ੍ਹਾ ਪੱਧਰ ‘ਤੇ ਸਿਵਲ ਸਰਜਨ ਦਫ਼ਤਰਾਂ ਅੱਗੇ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਸਿਹਤ ਸਕੱਤਰ, ਪੰਜਾਬ ਦੇ ਨਾਮ ਮੰਗ-ਪੱਤਰ ਸੌਂਪਦਿਆਂ ਮੰਨੀਆਂ ਹੋਈਆਂ ਮੰਗਾਂ ਦੇ ਨੋਟੀਫਿਕੇਸ਼ਨ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ ਗਈ। ਸੀ.ਐੱਚ.ਓ. ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜੈਸਮੀਨ ਕੌਰ, ਜੁਗਰਾਜ ਕੌਰ ਕੰਗ ਨੇ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਸਿਹਤ ਵਿਭਾਗ ਅਤੇ ਪੰਜਾਬ ਸਰਕਾਰ ਨਾਲ ਹੋਈਆਂ ਵੱਖ-ਵੱਖ ਮੀਟਿੰਗਾਂ ਵਿਚ ਉਨ੍ਹਾਂ ਦੀਆਂ ਵਿੱਤੀ ਅਤੇ ਸੇਵਾ ਸਬੰਧੀ ਮੰਗਾਂ ‘ਤੇ ਸਕਾਰਾਤਮਕ ਚਰਚਾ ਹੋਈ ਹੈ। ਉਨ੍ਹਾਂ ਦੱਸਿਆ ਕਿ 1 ਜੁਲਾਈ 2026 ਨੂੰ ਨੈਸ਼ਨਲ ਹੈਲਥ ਮਿਸ਼ਨ ਦੇ ਮਿਸ਼ਨ ਡਾਇਰੈਕਟਰ ਅਤੇ 14 ਜੁਲਾਈ 2026 ਨੂੰ ਪੰਜਾਬ ਦੇ ਵਿੱਤ ਮੰਤਰੀ ਨਾਲ ਹੋਈਆਂ ਮੀਟਿੰਗਾਂ ਵਿਚ ਵੀ ਮੰਗਾਂ ਦੇ ਜਲਦੀ ਹੱਲ ਦਾ ਭਰੋਸਾ ਦਿੱਤਾ ਗਿਆ ਸੀ, ਪਰ ਅੱਜ ਤੱਕ ਕੋਈ ਨੋਟੀਫਿਕੇਸ਼ਨ ਜਾਰੀ ਨਾ ਹੋਣ ਕਾਰਨ ਸਮੂਹ ਸੀ.ਐੱਚ.ਓ. ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਗਾਂ ਵਿਚ ਕਮਿਊਨਟੀ ਹੈਲਥ ਅਫ਼ਸਰਾਂ ਲਈ ਨਿਯਮਤ ਗਰੁੱਪ-ਬੀ ਕਾਡਰ ਨੂੰ ਮਨਜ਼ੂਰੀ ਦੇਣਾ, ਹੋਰ ਸੂਬਿਆਂ ਦੇ ਮੁਕਾਬਲੇ ਮਿਲ ਰਹੀ ਪੰਜ ਹਜ਼ਾਰ ਰੁਪਏ ਪ੍ਰਤੀ ਮਹੀਨਾ ਘੱਟ ਤਨਖ਼ਾਹ ਦੀ ਵਿਸੰਗਤੀ ਦੂਰ ਕਰਕੇ ਬਕਾਇਆ ਜਾਰੀ ਕਰਨਾ, ਸਾਲ 2018 ਤੋਂ ਬੰਦ ਕੀਤਾ ਗਿਆ ਵਫ਼ਾਦਾਰੀ ਭੱਤਾ ਮੁੜ ਲਾਗੂ ਕਰਨਾ, ਤਨਖ਼ਾਹ ਅਤੇ ਪ੍ਰੋਤਸਾਹਨ ਰਾਸ਼ੀ ਨੂੰ ਇਕੱਠਾ ਕਰਨਾ ਅਤੇ ਨਵੇਂ ਲਾਗੂ ਕੀਤੇ ਗਏ ਗੈਰ-ਵਾਜਬ ਪ੍ਰੋਤਸਾਹਨ ਮੁਲਾਂਕਣ ਪ੍ਰਣਾਲੀ ਦੀ ਮੁੜ ਸਮੀਖਿਆ ਕਰਕੇ ਇਸ ਨੂੰ ਵਾਪਸ ਲੈਣਾ ਸ਼ਾਮਿਲ ਹੈ। ਉਨ੍ਹਾਂ ਕਿਹਾ ਕਿ ਇਹ ਸਾਰੀਆਂ ਮੰਗਾਂ ਪੂਰੀ ਤਰ੍ਹਾਂ ਜਾਇਜ਼ ਹਨ ਅਤੇ ਵਿਭਾਗ ਵਲੋਂ ਵੀ ਇਨ੍ਹਾਂ ਪ੍ਰਤੀ ਹਾਂ-ਪੱਖੀ ਰਵੱਈਆ ਅਪਣਾਇਆ ਗਿਆ ਹੈ, ਪਰ ਨੋਟੀਫਿਕੇਸ਼ਨ ਜਾਰੀ ਕਰਨ ਵਿਚ ਬੇਲੋੜੀ ਦੇਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਹਰ ਵਾਰ ਭਰੋਸੇ ਤਾਂ ਦਿੰਦੀ ਹੈ, ਪਰ ਉਨ੍ਹਾਂ ਨੂੰ ਅਮਲੀ ਰੂਪ ਨਹੀਂ ਦਿੱਤਾ ਜਾਂਦਾ। ਹੁਣ ਸੀ.ਐੱਚ.ਓ. ਸਿਰਫ਼ ਭਰੋਸਿਆਂ ਨਾਲ ਸੰਤੁਸ਼ਟ ਨਹੀਂ ਹੋਣਗੇ, ਸਗੋਂ ਲਿਖਤੀ ਨੋਟੀਫਿਕੇਸ਼ਨ ਜਾਰੀ ਹੋਣ ਤੱਕ ਆਪਣਾ ਸੰਘਰਸ਼ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਲੋਕ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਮੂਹ ਕਮਿਊਨਟੀ ਹੈਲਥ ਅਫ਼ਸਰ ਆਪਣੇ ਆਯੁਸ਼ਮਾਨ ਆਰੋਗਿਆ ਕੇਂਦਰਾਂ ਵਿਚ ਬਾਹਰੀ ਮਰੀਜ਼ਾਂ ਦੀ ਜਾਂਚ ਅਤੇ ਤਪਦਿਕ ਸਬੰਧੀ ਸੇਵਾਵਾਂ ਨਿਰੰਤਰ ਜਾਰੀ ਰੱਖਣਗੇ, ਜਦਕਿ ਹੋਰ ਸਾਰੀਆਂ ਗਤੀਵਿਧੀਆਂ ਸੰਘਰਸ਼ ਦੇ ਹਿੱਸੇ ਵਜੋਂ ਬੰਦ ਰਹਿਣਗੀਆਂ। ਇਸ ਦੇ ਨਾਲ ਹੀ ਉਹ ਕਾਲੇ ਬਿੱਲੇ ਲਗਾ ਕੇ ਆਪਣਾ ਸ਼ਾਂਤਮਈ ਵਿਰੋਧ ਵੀ ਦਰਜ ਕਰਵਾਉਂਦੇ ਰਹਿਣਗੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦ ਮੰਗਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਨਾ ਕੀਤੇ ਤਾਂ 20 ਜੁਲਾਈ 2026 ਨੂੰ ਪੰਜਾਬ ਭਰ ਦੇ ਵਿਧਾਇਕਾਂ, ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਹਲਕਾ ਇੰਚਾਰਜਾਂ ਨੂੰ ਵਿੱਤ ਮੰਤਰੀ ਦੇ ਨਾਮ ਮੰਗ-ਪੱਤਰ ਸੌਂਪੇ ਜਾਣਗੇ। ਇਸ ਤੋਂ ਬਾਅਦ ਵੀ ਜੇਕਰ ਮੰਗਾਂ ਦਾ ਹੱਲ ਨਾ ਹੋਇਆ ਤਾਂ 22 ਜੁਲਾਈ 2026 ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਵਿਸ਼ਾਲ ਸੂਬਾ ਪੱਧਰੀ ਰੋਸ ਰੈਲੀ ਕਰਕੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਪ੍ਰਭਜੀਤ ਕੌਰ ਸੁਰਸਿੰਘ, ਰਵਿੰਦਰ ਕੌਰ ਬਾਗੜੀਆਂ, ਜੀਵਨਜੋਤ ਸਿੰਘ ਨੌਰੰਗਾਬਾਦ, ਅਮਰਜੀਤ ਕੌਰ ਖੇਮਕਰਨ, ਮਨਪ੍ਰੀਤ ਕੌਰ ਕਸੇਲ, ਨਵਜੋਤ ਕੌਰ ਸਰਹਾਲੀ, ਦਵਿੰਦਰ ਕੌਰ ਕੈਰੋਂ, ਅਜਮੇਰ ਸਿੰਘ ਮੀਆਂਵਿੰਡ ਅਤੇ ਸੁਖਪਾਲ ਕੌਰ ਮੀਆਂਵਿੰਡ, ਮਨਜਿੰਦਰ ਕੌਰ ਘਰਿਆਲਾ ਵੀ ਹਾਜ਼ਰ ਸਨ।