ਤਰਨ ਤਾਰਨ, 17 ਜੁਲਾਈ (ਹਰਿੰਦਰ ਸਿੰਘ)–ਐੱਸ.ਆਈ.ਆਰ 2026 ਤਹਿਤ ਜ਼ਿਲ੍ਹਾ ਚੋਣ ਅਫ਼ਸਰ ਰਾਹੁਲ ਦੀ ਅਗਵਾਈ ਹੇਠ ਜ਼ਿਲ੍ਹੇ ਵਿਚ ਚੱਲ ਰਹੇ ਵੋਟਰ ਸੁਧਾਈ ਦੇ ਕੰਮ ਨੇ ਹੁਣ ਹੋਰ ਤੇਜ਼ੀ ਫੜ ਲਈ ਹੈ। ਬੀਤੇ ਦਿਨੀਂ ਬੂਥਾਂ ‘ਤੇ ਲੋਕਾਂ ਦੇ ਭਾਰੀ ਇਕੱਠ ਨੇ ਸਾਫ਼ ਕਰ ਦਿੱਤਾ ਹੈ ਕਿ ਲੋਕ ਆਪਣੇ ਵੋਟ ਦੇ ਅਧਿਕਾਰ ਪ੍ਰਤੀ ਪੂਰੀ ਤਰ੍ਹਾਂ ਜਾਗਰੂਕ ਹੋ ਚੁੱਕੇ ਹਨ। ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਜ਼ਿਲ੍ਹੇ ਭਰ ਦੇ ਸਮੂਹ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਡੋਰ-ਟੂ-ਡੋਰ ਮੁਹਿੰਮ ਚਲਾਈ ਗਈ। ਵਿਦਿਆਰਥੀਆਂ ਨੇ ਘਰ-ਘਰ ਜਾ ਕੇ ਲੋਕਾਂ ਨੂੰ ਵੋਟਾਂ ਦੀ ਸੁਧਾਈ ਅਤੇ ਨਵੀਆਂ ਵੋਟਾਂ ਬਣਵਾਉਣ ਲਈ ਪ੍ਰੇਰਿਤ ਕੀਤਾ। ਵਿਦਿਆਰਥੀਆਂ ਦੇ ਉਤਸ਼ਾਹ ਅਤੇ ਲੋਕਾਂ ਦੀ ਜਾਗਰੂਕਤਾ ਕਾਰਨ ਬੂਥਾਂ ‘ਤੇ ਵੀ ਵੱਡੀ ਰੌਣਕ ਦੇਖਣ ਨੂੰ ਮਿਲੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ-ਕਮ-ਨੋਡਲ ਅਫ਼ਸਰ ਸਵੀਪ ਰਜਿੰਦਰ ਕੌਰ ਨੇ ਕਿਹਾ ਕਿ ਵੋਟਰ ਸੁਧਾਈ ਦੇ ਕੰਮ ਨੂੰ ਹੋਰ ਉਤਸ਼ਾਹਿਤ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਸਹੂਲਤ ਲਈ ਇਸ ਐਤਵਾਰ (19 ਜੁਲਾਈ) ਨੂੰ ਵੀ ਬੀ.ਐਲ.ਓਜ਼ ਆਪਣੇ-ਆਪਣੇ ਬੂਥਾਂ ‘ਤੇ ਬੈਠ ਕੇ ਵੋਟਰ ਸੁਧਾਈ ਦਾ ਕੰਮ ਕਰਨਗੇ। ਲੋਕ ਆਪਣੇ ਦਸਤਾਵੇਜ਼ਾਂ ਸਮੇਤ ਬੂਥਾਂ ‘ਤੇ ਪਹੁੰਚ ਕੇ ਆਪਣੀ ਵੋਟ ਦੀ ਸੁਧਾਈ ਕਰਵਾ ਸਕਦੇ ਹਨ। ਰਜਿੰਦਰ ਕੌਰ ਨੇ ਕਿਹਾ ਕਿ ਸਕੂਲਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਸਾਂਝੇ ਉਪਰਾਲਿਆਂ ਸਦਕਾ ਐੱਸ.ਆਈ.ਆਰ ਦੇ ਕੰਮ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ। ਸਕੂਲਾਂ ਵਿਚ ਲਗਾਤਾਰ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਇਕ ਵੀ ਯੋਗ ਵੋਟਰ ਸੂਚੀ ਵਿਚੋਂ ਨਾ ਰਹੇ।