ਚੋਹਲਾ ਸਾਹਿਬ, 19 (ਬਲਵਿੰਦਰ ਸਿੰਘ)- ਦਰਿਆ ਬਿਆਸ ਵਿਚ ਅਚਾਨਕ ਪਾਣੀ ਦਾ ਪੱਧਰ ਵਧਣ ਨਾਲ ਇਕ ਵਾਰ ਫਿਰ ਮੰਡ ਖੇਤਰ ਦੇ ਕਿਸਾਨਾਂ ਦੀ ਚਿੰਤਾ ਵਧ ਗਈ ਹੈ। ਜਾਣਕਾਰੀ ਮੁਤਾਬਕ ਸ਼ਨੀਵਾਰ ਨੂੰ ਦਰਿਆ ਬਿਆਸ ਵਿਚ ਕਰੀਬ 50 ਹਜ਼ਾਰ ਕਿਊਸਿਕ ਪਾਣੀ ਦਾ ਵਹਾਅ ਹੋਣ ਕਾਰਨ ਪਿੰਡ ਘੜਕਾ ਨੇੜੇ ਦਰਿਆ ਦੇ ਕੰਢਿਆਂ ਤੋਂ ਪਾਣੀ ਉਛਲ ਕੇ ਖੇਤਾਂ ਵਿਚ ਦਾਖ਼ਲ ਹੋ ਗਿਆ, ਜਿਸ ਨਾਲ ਸੈਂਕੜੇ ਏਕੜ ਵਿਚ ਲੱਗੀ ਝੋਨੇ ਦੀ ਫ਼ਸਲ ਪਾਣੀ ਹੇਠ ਆ ਗਈ। ਇਸ ਦੇ ਨਾਲ-ਨਾਲ ਖੇਤਾਂ ਨੂੰ ਜਾਂਦੇ ਕੱਚੇ ਰਸਤੇ ਵੀ ਪਾਣੀ ਦੀ ਲਪੇਟ ਵਿਚ ਆ ਗਏ, ਜਿਸ ਕਾਰਨ ਟਰੈਕਟਰ-ਟਰਾਲੀਆਂ ਅਤੇ ਹੋਰ ਖੇਤੀਬਾੜੀ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਪਿੰਡ ਘੜਕਾ ਦੇ ਸਰਪੰਚ ਮਨਦੀਪ ਸਿੰਘ, ਅਮਰਜੀਤ ਸਿੰਘ, ਨਛੱਤਰ ਸਿੰਘ, ਅਜਮੇਰ ਸਿੰਘ, ਜਸਬੀਰ ਸਿੰਘ ਅਤੇ ਹੋਰ ਕਿਸਾਨਾਂ ਨੇ ਦੱਸਿਆ ਕਿ ਮੰਡ ਖੇਤਰ ਦੇ ਕਿਸਾਨ ਹਰ ਸਾਲ ਇਸ ਕੁਦਰਤੀ ਆਫ਼ਤ ਦਾ ਸਾਹਮਣਾ ਕਰਦੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵੀ ਇਸੇ ਤਰ੍ਹਾਂ ਪਾਣੀ ਦਾ ਪੱਧਰ ਵਧਣ ਮੌਕੇ ਹਰੀਕੇ ਹੈੱਡ ਵਰਕਸ ਵਿਖੇ ਪਾਣੀ ਦੀ ਨਿਕਾਸੀ ਸਮੇਂ ਸਿਰ ਨਾ ਹੋਣ ਕਾਰਨ ਪਾਣੀ ਦਾ ਦਬਾਅ ਵਧ ਗਿਆ ਸੀ, ਜਿਸ ਦਾ ਸਿੱਧਾ ਅਸਰ ਮੰਡ ਖੇਤਰ ਦੀਆਂ ਫ਼ਸਲਾਂ ’ਤੇ ਪਿਆ ਸੀ । ਉਨ੍ਹਾਂ ਕਿਹਾ ਕਿ ਦਰਿਆ ਬਿਆਸ ਵਿਚ ਬੀਤੀ ਰਾਤ ਤੋਂ ਆ ਰਿਹਾ ਤੇਜ ਪਾਣੀ ਪਿੰਡ ਘੜਕਾ, ਸਾਂਘਰਾ ਅਤੇ ਬਾਊਪੁਰ ਦੇ ਮੰਡ ਖੇਤਰ ਦੇ ਕਿਸਾਨਾਂ ਲਈ ਮੁਸੀਬਤ ਬਣ ਰਿਹਾ ਹੈ। ਦਰਿਆ ਵਿਚ ਪਾਣੀ ਦਾ ਵਹਾਅ ਲਗਾਤਾਰ ਵਧਣ ਕਾਰਨ ਇਹ ਕਈ ਥਾਵਾਂ ਤੋ ਉਛਲ ਗਿਆ ਹੈ ਅਤੇ ਪਾਣੀ ਉਹਨਾਂ ਦੇ ਖੇਤਾਂ ਵਿਚ ਦਾਖਲ ਹੋ ਗਿਆ ਹੈ। ਕਿਸਾਨਾਂ ਨੇ ਇਸ ਵਾਰ ਇਰੀਗੇਸ਼ਨ ਵਿਭਾਗ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਵੇਂ-ਜਿਵੇਂ ਦਰਿਆ ਵਿਚ ਪਾਣੀ ਦਾ ਵਹਾਅ ਵਧੇ, ਤਿਵੇਂ-ਤਿਵੇਂ ਹਰੀਕੇ ਹੈੱਡ ਵਰਕਸ ਤੋਂ ਵੀ ਪਾਣੀ ਨੂੰ ਲਗਾਤਾਰ ਅਤੇ ਨਿਯਮਤ ਤੌਰ ’ਤੇ ਅੱਗੇ ਜਾਰੀ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਪਾਣੀ ਨੂੰ ਸਮੇਂ ਸਿਰ ਅੱਗੇ ਛੱਡਿਆ ਜਾਂਦਾ ਰਹੇ ਤਾਂ ਦਰਿਆ ਵਿਚ ਬੇਲੋੜਾ ਦਬਾਅ ਨਹੀਂ ਬਣੇਗਾ ਅਤੇ ਪਾਣੀ ਕੰਢਿਆਂ ਤੋਂ ਉਛਲ ਕੇ ਖੇਤਾਂ ਵਿਚ ਦਾਖ਼ਲ ਹੋਣ ਦੀ ਸੰਭਾਵਨਾ ਕਾਫ਼ੀ ਘੱਟ ਹੋ ਜਾਵੇਗੀ। ਇਸ ਨਾਲ ਨਾ ਸਿਰਫ਼ ਪਿਛਲੇ ਖੇਤਰਾਂ ਦੇ ਲੋਕਾਂ ਦੀਆਂ ਫ਼ਸਲਾਂ ਬਚ ਸਕਣਗੀਆਂ, ਸਗੋਂ ਹੇਠਲੇ ਇਲਾਕਿਆਂ ਵਿਚ ਵੀ ਪਾਣੀ ਦਾ ਪ੍ਰਵਾਹ ਸੰਤੁਲਿਤ ਰਹੇਗਾ । ਕਿਸਾਨਾਂ ਨੇ ਇਹ ਵੀ ਦੱਸਿਆ ਕਿ ਦਰਿਆ ਪਾਰ ਜਾਣ ਲਈ ਪਿੰਡ ਘੜਕਾ ਨੇੜ੍ਹੇ ਬਣੇ ਪਲਟੂਨ ਪੁਲ ਨੂੰ ਪ੍ਰਸ਼ਾਸਨ ਵਲੋਂ ਸੁਰੱਖਿਆ ਕਾਰਨਾਂ ਕਰਕੇ ਖੋਲ੍ਹਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਪੁਲ ਖੋਲ੍ਹਣ ਤੋਂ ਪਹਿਲਾਂ ਪ੍ਰਸ਼ਾਸਨ ਵਲੋਂ ਵੱਡੀ ਬੇੜੀ ਜਾਂ ਕਿਸ਼ਤੀ ਦਾ ਪ੍ਰਬੰਧ ਕੀਤਾ ਜਾਵੇ, ਤਾਂ ਜੋ ਕਿਸਾਨ ਆਪਣੀਆਂ ਫ਼ਸਲਾਂ ਦੀ ਦੇਖਭਾਲ ਅਤੇ ਹੋਰ ਜ਼ਰੂਰੀ ਕੰਮਾਂ ਲਈ ਆਪਣੇ ਖੇਤਾਂ ਤੱਕ ਪਹੁੰਚ ਸਕਣ। ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਇਰੀਗੇਸ਼ਨ ਵਿਭਾਗ ਤੋਂ ਮੰਗ ਕੀਤੀ ਹੈ ਕਿ ਕਿਸਾਨਾਂ ਹਰ ਸਾਲ ਹੁੰਦੀ ਬਰਬਾਦੀ ਤੋਂ ਬਚਾਉਣ ਲਈ ਇਸ ਸਮੱਸਿਆ ਦਾ ਕੋਈ ਪੱਕਾ ਹੱਲ ਲੱਭਿਆ ਜਾਵੇ, ਨਾਲ ਹੀ ਹਰੀਕੇ ਹੈੱਡ ਵਰਕਸ ਤੋਂ ਪਾਣੀ ਦੇ ਵਿਗਿਆਨਕ ਅਤੇ ਸੁਚੱਜੇ ਪ੍ਰਬੰਧ ਨੂੰ ਯਕੀਨੀ ਬਣਾਇਆ ਜਾਵੇ ।
ਦਰਿਆ ਬਿਆਸ ਦਾ ਪਾਣੀ ਮੰਡ ਖੇਤਰ ’ਚ ਦਾਖ਼ਲ, ਪਿੰਡ ਘੜਕਾ ਦੀ ਸੈਂਕੜੇ ਏਕੜ ਝੋਨੇ ਦੀ ਫ਼ਸਲ ਪ੍ਰਭਾਵਿਤ
ਅਜੀਤ ਡੈਸਕ
20-07-2026