03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਪੱਟੀ ਦੇ ਸਰਕਾਰੀ ਹਸਪਤਾਲ ਦੇ ਮੁੱਖ ਗੇਟ ਅੱਗੇ ਓਟ ਸੈਂਟਰ ਬਣਿਆ ਚਿੰਤਾ ਦਾ ਵਿਸ਼ਾ

Ad Position 21
No active advertisement
ਅਜੀਤ ਡੈਸਕ 23-07-2026
ਪੱਟੀ, 22 ਜੁਲਾਈ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)–ਪੰਜਾਬ ਵਿਚ ਨਸ਼ਾਖੋਰੀ ਨੂੰ ਰੋਕਣ ਅਤੇ ਨਸ਼ੇ ਦੇ ਆਦੀਆਂ ਦਾ ਇਲਾਜ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੇ ਗਏ ਓਟ ਕੇਂਦਰਾਂ ਦੀ ਲੋੜ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਪਰ ਪੱਟੀ ਦੇ ਸਰਕਾਰੀ ਹਸਪਤਾਲ ਦੇ ਮੁੱਖ ਗੇਟ ਅੱਗੇ ਸਥਿਤ ਓਟ ਸੈਂਟਰ ਦੇ ਬਾਹਰ ਹਰ ਰੋਜ਼ ਲੱਗਣ ਵਾਲੀਆਂ ਲੰਬੀਆਂ ਕਤਾਰਾਂ ਅਤੇ ਭੀੜ ਹੁਣ ਆਮ ਲੋਕਾਂ ਲਈ ਚਿੰਤਾ ਦਾ ਕਾਰਨ ਬਣ ਰਹੀਆਂ ਹਨ। ਹਸਪਤਾਲ ਵਿਚ ਇਲਾਜ ਲਈ ਆਉਣ ਵਾਲੇ ਮਰੀਜ਼ਾਂ, ਮਹਿਲਾਵਾਂ, ਸਰਕਾਰੀ ਕਾਲਜ ਦੀਆਂ ਵਿਦਿਆਰਥਣਾਂ ਅਤੇ ਇਸ ਸੜਕ ਤੋਂ ਲੰਘਣ ਵਾਲੇ ਰਾਹਗੀਰਾਂ ਨੂੰ ਰੋਜ਼ਾਨਾ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਨਸ਼ਾ ਛੁਡਾਉਣ ਦੇ ਉਦੇਸ਼ ਨਾਲ ਪਹਿਲਾਂ ਪਿੰਡ ਭੱਗੂਪੁਰ ਵਿਖੇ ਓਟ ਸੈਂਟਰ ਸਥਾਪਿਤ ਕੀਤਾ ਗਿਆ ਸੀ, ਜਿੱਥੇ ਨਸ਼ਾ ਛੁਡਾਊ ਦਵਾਈਆਂ ਮੁਹੱਈਆ ਕਰਵਾਈਆਂ ਜਾਂਦੀਆਂ ਸਨ। ਇਸ ਤੋਂ ਬਾਅਦ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਪੱਟੀ ਦੇ ਸਰਕਾਰੀ ਹਸਪਤਾਲ ਦੇ ਬਾਹਰ ਵੀ ਓਟ ਸੈਂਟਰ ਚਾਲੂ ਕਰ ਦਿੱਤਾ ਗਿਆ। ਹੁਣ ਆਮ ਆਦਮੀ ਪਾਰਟੀ ਸਰਕਾਰ ਦੇ ਕਾਰਜਕਾਲ ਦੇ ਅੰਤਲੇ ਪੜਾਅ ਵਿਚ ਵੀ ਇਹ ਕੇਂਦਰ ਚੱਲ ਰਿਹਾ ਹੈ, ਪਰ ਨਸ਼ੇ ਦੀ ਸਮੱਸਿਆ ਘਟਣ ਦੀ ਬਜਾਏ ਵਧਣ ਸਬੰਧੀ ਲੋਕਾਂ ਵਿਚ ਚਿੰਤਾ ਜਤਾਈ ਜਾ ਰਹੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਰੋਜ਼ਾਨਾ ਸਵੇਰੇ ਕਰੀਬ ਸਾਢੇ ਸੱਤ ਵਜੇ ਤੋਂ ਹੀ ਨਸ਼ਾ ਪੀੜਤ ਕੇਂਦਰ ਦੇ ਬਾਹਰ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਹਨ। ਕਈ ਵਿਅਕਤੀ ਟੋਲੀਆਂ ਬਣਾ ਕੇ ਸਾਰਾ ਦਿਨ ਉੱਥੇ ਹੀ ਖੜ੍ਹੇ ਜਾਂ ਬੈਠੇ ਰਹਿੰਦੇ ਹਨ। ਇਸ ਕਾਰਨ ਹਸਪਤਾਲ ਵਿਚ ਆਉਣ ਵਾਲੇ ਮਰੀਜ਼ਾਂ, ਖ਼ਾਸ ਕਰਕੇ ਮਹਿਲਾਵਾਂ ਅਤੇ ਸਰਕਾਰੀ ਕਾਲਜ ਜਾਣ ਵਾਲੀਆਂ ਵਿਦਿਆਰਥਣਾਂ ਨੂੰ ਅਸੁਵਿਧਾ ਮਹਿਸੂਸ ਹੁੰਦੀ ਹੈ। ਸਥਾਨਕ ਲੋਕਾਂ ਅਨੁਸਾਰ ਕਈ ਵਾਰ ਆਪਸੀ ਝਗੜਿਆਂ ਦੀਆਂ ਘਟਨਾਵਾਂ ਵੀ ਸਾਹਮਣੇ ਆਉਂਦੀਆਂ ਹਨ, ਜਿਸ ਨਾਲ ਮਾਹੌਲ ਹੋਰ ਵੀ ਤਣਾਅਪੂਰਨ ਬਣ ਜਾਂਦਾ ਹੈ। ਓਟ ਸੈਂਟਰ ਦੇ ਇੱਕ ਸਟਾਫ ਮੈਂਬਰ ਨੇ, ਨਾਮ ਜ਼ਾਹਰ ਨਾ ਕਰਨ ਦੀ ਸ਼ਰਤ ‘ਤੇ ਦੱਸਿਆ ਕਿ ਇੱਥੇ ਇਲਾਜ ਲਈ ਆਉਣ ਵਾਲਿਆਂ ਵਿਚ ਸਭ ਤੋਂ ਘੱਟ ਉਮਰ ਕਰੀਬ 18 ਸਾਲ ਅਤੇ ਸਭ ਤੋਂ ਵੱਧ ਉਮਰ ਕਰੀਬ 85 ਸਾਲ ਹੈ। ਇਹ ਅੰਕੜਾ ਸਮਾਜ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਜੇਕਰ ਬਜ਼ੁਰਗ ਵੀ ਨਸ਼ੇ ਦੀ ਲਤ ਦਾ ਸ਼ਿਕਾਰ ਹੋ ਰਹੇ ਹਨ ਤਾਂ ਨੌਜਵਾਨ ਪੀੜ੍ਹੀ ਲਈ ਇਹ ਇਕ ਮਾੜਾ ਸੰਦੇਸ਼ ਹੈ ਅਤੇ ਇਸ ਸਮੱਸਿਆ ਦੇ ਸਮਾਜਿਕ ਪੱਖ ‘ਤੇ ਵੀ ਗੰਭੀਰ ਵਿਚਾਰ ਕਰਨ ਦੀ ਲੋੜ ਹੈ। ਸਟਾਫ ਨੇ ਇਹ ਵੀ ਦੱਸਿਆ ਕਿ ਕਈ ਵਾਰ ਕੁਝ ਨਸ਼ਾ ਪੀੜਤ ਵਿਅਕਤੀਆਂ ਵਲੋਂ ਸਟਾਫ, ਖ਼ਾਸ ਕਰਕੇ ਮਹਿਲਾ ਕਰਮਚਾਰੀਆਂ ਨਾਲ ਦੁਰਵਿਹਾਰ ਕਰਨ ਦੀਆਂ ਘਟਨਾਵਾਂ ਵੀ ਵਾਪਰਦੀਆਂ ਹਨ, ਜਿਸ ਕਾਰਨ ਉਨ੍ਹਾਂ ਨੂੰ ਡਿਊਟੀ ਨਿਭਾਉਣ ਵਿਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਓਟ ਸੈਂਟਰ ਦਾ ਉਦੇਸ਼ ਨਸ਼ਾ ਪੀੜਤਾਂ ਦਾ ਇਲਾਜ ਕਰਨਾ ਹੈ, ਪਰ ਕੇਂਦਰ ਦੇ ਬਾਹਰ ਭੀੜ ਦੇ ਸੁਚੱਜੇ ਪ੍ਰਬੰਧ ਲਈ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਪ੍ਰਭਾਵਸ਼ਾਲੀ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਹਸਪਤਾਲ ਵਿੱਚ ਆਉਣ ਵਾਲੇ ਮਰੀਜ਼ਾਂ, ਮਹਿਲਾਵਾਂ ਅਤੇ ਵਿਦਿਆਰਥਣਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਲੋਕਾਂ ਨੇ ਮੰਗ ਕੀਤੀ ਹੈ ਕਿ ਸਰਕਾਰੀ ਹਸਪਤਾਲ ਦੇ ਮੁੱਖ ਗੇਟ ਅੱਗੇ ਲੱਗਣ ਵਾਲੀ ਭੀੜ ਦੇ ਸੁਚੱਜੇ ਪ੍ਰਬੰਧ ਲਈ ਪੁਲਿਸ ਦੀ ਨਿਯਮਤ ਤਾਇਨਾਤੀ ਕੀਤੀ ਜਾਵੇ ਤੇ ਲੋੜ ਪੈਣ ‘ਤੇ ਓਟ ਸੈਂਟਰ ਦੇ ਸਥਾਨ ਬਾਰੇ ਵੀ ਵਿਚਾਰ ਕੀਤਾ ਜਾਵੇ ।
Ad Position 22
No active advertisement
ਪਿਛਲੀ ਖ਼ਬਰ ਪਿੰਡ ਕੱਲ੍ਹਾ ਦੇ ਕਈ ਪਰਿਵਾਰ ਸ਼੍ਰੋਮਣੀ ਅਕਾਲੀ ਦਲ (ਬ) ’ਚ ਸ਼ਾਮਿਲ ਅਗਲੀ ਖ਼ਬਰ ਆਖਿਰ ਕਦੋਂ ਬਣੇਗਾ ਜੰਡਿਆਲਾ ਰੋਡ ’ਤੇ ਬਣੇ ਰੇਲਵੇ ਫਾਟਕ ਉਪਰ ਪੁਲ
Ad Position 24
No active advertisement