ਨੌਸ਼ਹਿਰਾ ਪੰਨੂੰਆਂ, 22 ਜੁਲਾਈ (ਦੀਪਕ ਮੈਣੀ)- ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਸੱਦੇ ’ਤੇ ਜ਼ਿਲ੍ਹਾ ਤਰਨ ਤਾਰਨ ਦੇ ਅਧੀਨ ਨੈਸ਼ਨਲ ਹਾਈਵੇ 54 ’ਤੇ ਪੈਂਦੇ ਸੇਰੋਂ ਟੋਲ ਪਲਾਜ਼ੇ ਨੂੰ ਦੁਪਿਹਰ 12 ਵਜੇ ਤੋਂ 3 ਵਜੇ ਤੱਕ ਤਿੰਨ ਘੰਟਿਆਂ ਲਈ ਟੋਲ ਮੁਕਤ ਕਰਕੇ ਸੰਯੁਕਤ ਕਿਸਾਨ ਮੋਰਚੇ ਵਿਚ ਕੰਮ ਕਰ ਰਹੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਕਾਰਕੁੰਨਾਂ ਨੇ ਕਿਸਾਨ ਆਗੂ ਮੁਖਤਾਰ ਸਿੰਘ ਮੱਲਾ, ਕਵਲਪ੍ਰੀਤ ਸਿੰਘ ਪੰਨੂੰ, ਡਾ. ਇੰਦਰਜੀਤ ਸਿੰਘ ਮਰਹਾਣਾ, ਗੁਰਪ੍ਰੀਤ ਸਿੰਘ ਗੰਡੀਵਿੰਡ, ਬਾਬਾ ਸੁਲੱਖਣ ਸਿੰਘ ਮੰਡਾਲਾ, ਗੁਰਦੇਵ ਸਿੰਘ ਚੋਹਲਾ ਸਾਹਿਬ, ਜਸਬੀਰ ਸਿੰਘ ਪੰਨੂੰ, ਬਾਬਾ ਮਹਿੰਦਰ ਸਿੰਘ ਵੇਈਂਪੂਈਂ, ਗੋਪਾਲ ਸਿੰਘ ਕੁਹਾੜਕਾ, ਗੁਰਵਿੰਦਰ ਸਿੰਘ ਲੌਹਕਾ, ਰੇਸ਼ਮ ਸਿੰਘ ਫੈਲੋਕੇ ਦੀ ਅਗਵਾਈ ਹੇਠ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਕੇਂਦਰ ਦੀ ਮੋਦੀ ਹਕੂਮਤ ਦੀਆਂ ਕਿਸਾਨ-ਮਜ਼ਦੂਰ ਵਿਰੋਧੀ ਨੀਤੀਆਂ ਵਿਰੁੱਧ ਅਵਾਜ਼ ਬੁਲੰਦ ਕੀਤੀ । ਕਿਸਾਨ ਅਤੇ ਮਜ਼ਦੂਰ ਆਗੂਆਂ ਨੇ ਅਮਰੀਕਾ ਭਾਰਤ ਟ੍ਰੇਡ ਸੰਧੀ ਨੂੰ ਭਾਰਤ ਦੇਸ਼ ਦੇ ਕਰੋੜਾਂ ਕਿਸਾਨਾਂ-ਮਜਦੂਰਾਂ ਸਮੇਤ ਸਭਨਾਂ ਛੋਟੇ ਕਾਰੋਬਾਰੀ ਲੋਕਾਂ ਲਈ ਘਾਤਕ ਦੱਸਦੇ ਹੋਏ ਲੋਕ ਵਿਰੋਧੀ ਸਮਝੌਤੇ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ । ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਅੱਗੇ ਗੋਡੇ ਟੇਕ ਕੇ ਦੇਸ਼ ਦੇ ਲੋਕਾਂ ਦੇ ਹਿੱਤਾਂ ਨਾਲ ਖਿਲਵਾੜ ਕਰ ਰਿਹਾ ਹੈ। ਆਗੂਆਂ ਨੇ ਕੇਂਦਰ ਦੀ ਬੀ.ਜੇ.ਪੀ. ਸਰਕਾਰ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਦਾਬੇ ਹੇਠ ਦੇਸ਼ ਨੂੰ ਗਹਿਣੇ ਪਾਉਣ ਲਈ ਪੱਬਾਂ ਭਾਰ ਹੋ ਕੇ ਕੰਮ ਕਰ ਰਹੀਆਂ ਹਨ। ਜਿਸ ਨੂੰ ਦੇਸ਼ ਦੇ ਮਿਹਨਤਕਸ਼ ਲੋਕ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਹੀਂ ਕਰਨਗੇ। ਆਗੂਆਂ ਨੇ ਮੋਦੀ ਸਰਕਾਰ ਦੀ ਪਾਰਲੀਮੈਂਟ ਵੱਲ ਰੋਸ ਮਾਰਚ ਕਰ ਰਹੇ ਦੇਸ਼ ਦੇ ਨੌਜਵਾਨਾਂ ’ਤੇ ਤਸ਼ੱਦਦ ਕਰਨ ਦੀ ਜ਼ੋਰਦਾਰ ਨਿੰਦਾ ਕਰਦੇ ਹੋਏ ਕੇਂਦਰੀ ਮੰਤਰੀ ਧੰਰੇਂਦਰ ਪ੍ਰਧਾਨ ਨੂੰ ਵਜ਼ਾਰਤ ਤੋਂ ਤੁਰੰਤ ਬਰਖਾਸਤ ਕਰਨ ਦੀ ਮੰਗ ਕੀਤੀ। ਆਗੂਆਂ ਨੇ ਸੂਬੇ ਦੇ ਬਿਜਲੀ ਕਾਮਿਆਂ ਦੀ ਹੜਤਾਲ ਦੀ ਡਟਵੀਂ ਹਮਾਇਤ ਕਰਦਿਆਂ ਭਗਵੰਤ ਮਾਨ ਸਰਕਾਰ ਨੂੰ ਬਿਜਲੀ ਅਦਾਰੇ ਵਿਚ ਸਨਅਤੀ ਅਮਨ ਬਹਾਲ ਕਰਨ ਦੀ ਮੰਗ ਕਰਦੇ ਹੋਏ ਅਦਾਰੇ ਵਿਚ ਹਜ਼ਾਰਾਂ ਖਾਲੀ ਆਸਾਮੀਆਂ ਰੈਗੂਲਰ ਭਰਤੀ ਰਾਹੀਂ ਭਰਨ ਦੀ ਮੰਗ ਕੀਤੀ। ਇਸ ਮੌਕੇ ਹਰਮਿੰਦਰ ਸਿੰਘ ਗਿੱਲ, ਗੁਰਬਚਨ ਸਿੰਘ ਘੜਕਾ, ਸਾਬਕਾ ਸੈਨਿਕ ਸੰਘਰਸ਼ ਕਮੇਟੀ ਦੇ ਆਗੂ ਸੂਬੇਦਾਰ ਤਾਰਾ ਸਿੰਘ ਸਰਹਾਲੀ, ਖੇਤ ਮਜਦੂਰ ਸਭਾ ਦੇ ਆਗੂ ਜਸਬੀਰ ਸਿੰਘ ਵੈਰੋਵਾਲ, ਸੈਂਟਰਲ ਟਰੇਡ ਯੂਨੀਅਨ ਸੀਟੂ ਦੇ ਸੂਬਾ ਕਮੇਟੀ ਆਗੂ ਧਰਮ ਸਿੰਘ ਪੱਟੀ, ਬਲਵਿੰਦਰ ਸਿੰਘ ਫੈਲੋਕੇ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਕੈਪਟਨ ਸਿੰਘ ਕਾਹਲਵਾਂ, ਡਾ. ਅਮੋਲਕ ਸਿੰਘ, ਫਤਿਹ ਸਿੰਘ ਆਦਿ ਨੇ ਦੇਸ਼ ਦੀਆਂ ਸੰਘਰਸ਼ਸ਼ੀਲ ਧਿਰਾਂ ਨੂੰ ਇਕ ਪਲੇਟਫਾਰਮ ’ਤੇ ਇਕੱਠੇ ਹੋ ਕੇ ਹਾਕਮਾਂ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ਼ ਖੇਤੀ ਕਾਨੂੰਨਾਂ ਦੀ ਤਰਜ ’ਤੇ ਵੱਡੀ ਲਾਮਬੰਦੀ ਕਰਨ ਦਾ ਸੱਦਾ ਦਿੱਤਾ।