ਹਰੀਕੇ ਪੱਤਣ, 23 ਜੁਲਾਈ ਸੰਜੀਵ ਕੁੰਦਰਾ)–ਵਿਸ਼ਵ ਦੇ ਨਕਸ਼ੇ ’ਤੇ ਅਹਿਮ ਸਥਾਨ ਰੱਖਦੀ ਹਰੀਕੇ ਝੀਲ ਤੋਂ ਗੰਦਗੀ ਦਾ ਗ੍ਰਹਿਣ ਲੱਥ ਨਹੀਂ ਰਿਹਾ ।ਦਹਾਕਿਆਂ ਤੋਂ ਚੱਲ ਰਿਹਾ ਵਰਤਾਰਾ ਰੁਕ ਨਹੀਂ ਰਿਹਾ । ਕੂੜਾ ਕਰਕਟ ਤੇ ਹੋਰ ਗੰਦਗੀ ਦੇ ਢੇਰ ਝੀਲ ਦੇ ਵਾਤਾਵਰਣ ਨੂੰ ਪ੍ਰਦੂਸ਼ਿਤ ਕਰ ਰਹੇ ਹਨ ਪਰ ਨਾ ਤਾਂ ਕੂੜਾ ਸੁੱਟਣ ਵਾਲੇ ਲੋਕ ਇਸ ਪ੍ਰਤੀ ਸੰਜੀਦਾ ਹਨ ਤੇ ਨਾ ਸੰਬੰਧਿਤ ਵਿਭਾਗ ਇਸ ਨੂੰ ਰੋਕਣ ਲਈ ਕੰਮ ਕਰ ਰਿਹਾ ਹੈ । ਜ਼ਿਕਰਯੋਗ ਹੈ ਕਿ ਹਰੀਕੇ ਝੀਲ ਜਿੱਥੇ ਬਿਆਸ ਸਤਲੁਜ ਦਰਿਆਵਾ ਦਾ ਸੰਗਮ ਹੁੰਦਾ ਹੈ ਤੇ ਅਨੇਕਾਂ ਕਿਸਮਾਂ ਦੇ ਪੰਛੀ ਦੇਖੇ ਜਾਂਦੇ ਹਨ ਤੇ ਇਨ੍ਹਾਂ ਪੰਛੀਆਂ ਦੀਆਂ ਡਾਰਾਂ ਝੀਲ ਦੀ ਸੁੰਦਰਤਾ ਨੂੰ ਚਾਰ ਚੰਨ ਲਾਉਂਦੀਆ ਹਨ। ਇਸ ਝੀਲ ਦੀ ਸੁੰਦਰਤਾ , ਸ਼ਾਂਤ ਵਾਤਾਵਰਣ ਅਤੇ ਪੰਛੀਆਂ ਦੀਆਂ ਰੰਗ ਬਿਰੰਗੀਆ ਡਾਰਾਂ ਦਾ ਆਨੰਦ ਮਾਨਣ ਲਈ ਦੇਸ਼ ਹੀ ਨਹੀਂ ਵਿਦੇਸ਼ਾਂ ਤੋਂ ਵੀ ਸੈਲਾਨੀ ਆਉਦੇ ਹਨ। ਕਸਬਾ ਹਰੀਕੇ ਪੱਤਣ ਵਾਲੇ ਪਾਸਿਓਂ ਜਿੱਥੋਂ ਝੀਲ ਦਾ ਏਰੀਆ ਸ਼ੁਰੂ ਹੁੰਦਾ ਹੈ, ਦੇ ਸਾਹਮਣੇ ਲੱਗੇ ਕੂੜੇ ਦੇ ਢੇਰ ਵਿਭਾਗ ਦੀ ਅਣਗਹਿਲੀ ਅਤੇ ਸਥਾਨਕ ਲੋਕਾਂ ਦੀ ਝੀਲ ਪ੍ਰਤੀ ਬੇਰੁਖ਼ੀ ਦਾ ਪੱਖ ਉਘੇੜਦੇ ਹਨ । ਸਥਾਨਕ ਲੋਕ ਆਪਣੇ ਘਰਾਂ ਤੇ ਦੁਕਾਨਾਂ ਦੇ ਕੂੜੇ ਕਰਕਟ ਵਾਲੇ ਲਿਫਾਫੇ ਝੀਲ ਕਿਨਾਰੇ ਸੁੱਟ ਦਿੰਦੇ ਹਨ ਜੋ ਝੀਲ ਦੇ ਪਾਣੀ ਅੰਦਰ ਜਾ ਕੇ ਜਿੱਥੇ ਝੀਲ ਨੂੰ ਗੰਧਲਾ ਕਰ ਰਹੇ ਹਨ, ਉੱਥੇ ਜੀਵ ਜੰਤੂਆਂ ਲਈ ਵੀ ਨੁਕਸਾਨਦੇਹ ਹੈ । ਇਸ ਨੂੰ ਰੋਕਣ ਨੂੰ ਲੈ ਕੇ ਕੋਈ ਵੀ ਕਦਮ ਚੁੱਕੇ ਨਹੀਂ ਜਾ ਰਹੇ । ਇਸ ਜਗ੍ਹਾ ’ਤੇ ਗੰਦਗੀ ਅਤੇ ਬਦਬੂ ਦੇ ਕਾਰਨ ਝੀਲ ਦੀ ਸੁੰਦਰਤਾ ਨੂੰ ਤੱਕਣਾ ਤਾ ਦੂਰ ਦੀ ਗੱਲ ਇੱਥੇ ਇਕ ਮਿੰਟ ਵੀ ਰੁਕਣਾ ਸੰਭਵ ਨਹੀਂ । ਹਰੀਕੇ ਝੀਲ ਦੀ ਅਹਿਮੀਅਤ ਨੂੰ ਵੇਖਦੇ ਹੋਏ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਅਤੇ ਇਸ ਜਗ੍ਹਾ ਤੇ ਗੰਦਗੀ ਨਾ ਸੁੱਟ ਕੇ ਝੀਲ ਦੀ ਸੁੰਦਰਤਾ ਅਤੇ ਵਾਤਾਵਰਣ ਨੂੰ ਸਾਫ਼ ਰੱਖਣ ਵਿਚ ਆਪਣਾ ਯੋਗਦਾਨ ਪਾਉਣ ।