ਝਬਾਲ, 24 ਜੁਲਾਈ (ਸੁਖਦੇਵ ਸਿੰਘ)-ਆਜ਼ਾਦੀ ਦੇ 79 ਸਾਲ ਬਾਅਦ ਵੀ ਪਿੰਡ ਪੱਧਰੀ ਖੁਰਦ ਦੇ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਹਨ। ਪਿੰਡ ਦੀਆਂ ਗਲੀਆਂ ਦੀ ਹਾਲਤ ਇੰਨੀ ਖਸਤਾ ਹੈ ਕਿ ਥਾਂ-ਥਾਂ ’ਤੇ ਖੜਾ ਗੰਦਾ ਪਾਣੀ ਨਾ ਸਿਰਫ਼ ਆਉਣ-ਜਾਣ ’ਚ ਰੁਕਾਵਟ ਬਣ ਰਿਹਾ ਹੈ, ਸਗੋਂ ਭਿਆਨਕ ਬਿਮਾਰੀਆਂ ਨੂੰ ਵੀ ਸੱਦਾ ਦੇ ਰਿਹਾ ਹੈ। ਇਸ ਖੜ੍ਹੇ ਪਾਣੀ ਵਿਚ ਪੈਂਦਾ ਹੋ ਰਹੇ ਮੱਛਰ ਕਾਰਨ ਡੇਂਗੂ, ਮਲੇਰੀਆ ਅਤੇ ਹੋਰ ਛੂਤ ਦੀਆਂ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਕਰਨਬੀਰ ਸਿੰਘ ਬੁਰਜ ਦੀ ਹਾਜ਼ਰੀ ਵਿਚ ਗਲੀਆਂ ’ਚ ਘੁੰਮ ਰਿਹਾ ਪਾਣੀ ਦਿਖਾਉਂਦਿਆਂ ਪਿੰਡ ਦੇ ਵਸਨੀਕ ਨਿਰਵੈਲ ਸਿੰਘ, ਸਤਨਾਮ ਸਿੰਘ ਪੱਧਰੀ, ਗੁਰਪ੍ਰੀਤ ਕੌਰ ਨੇ ਦੱਸਿਆ ਕਿ ਗਲੀਆਂ ਵਿਚ ਖੜ੍ਹੇ ਪਾਣੀ ਕਾਰਨ ਸਕੂਲੀ ਬੱਚਿਆਂ ਅਤੇ ਬਜ਼ੁਰਗਾਂ ਨੂੰ ਸਭ ਤੋਂ ਵੱਧ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਵਾਰ ਇਸ ਗੰਦੇ ਪਾਣੀ ਕਾਰਨ ਲੋਕ ਫਿਸਲ ਕੇ ਡਿੱਗ ਕੇ ਜ਼ਖ਼ਮੀ ਵੀ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਸ ਸਮੱਸਿਆ ਸੰਬੰਧੀ ਕਈ ਵਾਰ ਪੰਚਾਇਤ ਅਤੇ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਚੁੱਕੇ ਹਨ, ਪਰ ਅੱਜ ਤੱਕ ਕੋਈ ਹੱਲ ਨਹੀਂ ਨਿਕਲਿਆ। ਸਿਰਫ਼ ਦਿਲਾਸੇ ਹੀ ਮਿਲਦੇ ਹਨ। ਉਨ੍ਹਾਂ ਨੇ ਪਾਣੀ ਦੀ ਨਿਕਾਸੀ ਦਾ ਪੱਕਾ ਪ੍ਰਬੰਧ ਤੇ ਗਲੀਆਂ ਨੂੰ ਪੱਕਾ ਕਰਨ ਦੀ ਮੰਗ ਕੀਤੀ ਹੈ, ਤਾਂ ਜੋ ਉਨ੍ਹਾਂ ਨੂੰ ਇਸ ਨਰਕ ਭਰੀ ਜ਼ਿੰਦਗੀ ਤੋਂ ਰਾਹਤ ਮਿਲ ਸਕੇ। ਹਲਕਾ ਇੰਚਾਰਜ ਕਰਨਬੀਰ ਬੁਰਜ ਨੇ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਕਾਂਗਰਸ ਪਾਰਟੀ ਦੀ ਸਰਕਾਰ ਬਣਨ ’ਤੇ ਉਨ੍ਹਾਂ ਦੇ ਮਸਲਿਆਂ ਦਾ ਹੱਲ ਪਹਿਲ ਦੇ ਆਧਾਰ ’ਤੇ ਕੀਤਾ ਜਾਵੇਗਾ। ਇਸ ਸੰਬੰਧੀ ਜਦੋਂ ਪਿੰਡ ਦੇ ਸਰਪੰਚ ਬਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਿੰਡ ਵਿਚ ਗਲੀਆਂ-ਨਾਲੀਆਂ ਬਣਾਉਣ ਦਾ ਕੰਮ ਚੱਲ ਰਿਹਾ ਹੈ, ਪਰ ਬਰਸਾਤ ਕਾਰਨ ਕੰਮ ਰੁਕਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਬਰਸਾਤ ਦਾ ਮੌਸਮ ਠੀਕ ਹੋਣ ਤੋਂ ਬਾਅਦ ਗਲੀਆਂ ਨਾਲੀਆਂ ਨੂੰ ਬਣਾਉਣ ਦਾ ਕੰਮ ਤੁਰੰਤ ਸ਼ੁਰੂ ਕਰ ਦਿੱਤਾ ਜਾਵੇਗਾ। ਸਰਪੰਚ ਨੇ ਦੱਸਿਆ ਕਿ ਜਿਸ ਗਲੀ ਵਿਚ ਪਾਣੀ ਖੜ੍ਹਾ ਹੈ, ਪੰਚਾਇਤ ਵਲੋਂ ਇੰਟਰਲਾਕ ਟਾਈਲਾਂ ਲਗਾ ਕੇ ਗਲੀ ਬਣਾਈ ਗਈ ਸੀ, ਪਰ ਗਲੀ ਵਾਲੇ ਲੋਕ ਟਾਈਲਾਂ ਪੁੱਟ ਕੇ ਘਰਾਂ ਨੂੰ ਲੈ ਗਏ। ਗਲੀ ਵਾਲੇ ਲੋਕ ਹੁਣ ਮੁੜ ਪੰਚਾਇਤ ਨੂੰ ਨਵੀਆਂ ਟਾਈਲਾਂ ਲਿਆ ਕੇ ਗਲੀ ਵਿਚ ਲਗਾਉਣ ਲਈ ਕਹਿ ਰਹੇ ਹਨ।