ਝਬਾਲ, 24 ਜੁਲਾਈ (ਸਰਬਜੀਤ ਸਿੰਘ)-ਸਥਾਨਕ ਅੱਡਾ ਝਬਾਲ ਵਿਚੋਂ ਦੀ ਲੰਘਦੀ ਪਾਣੀ ਵਾਲੀ ਡਰੇਨ ਵਿਚ ਵੱਡੇ ਪੱਧਰ _ਤੇ ਉੱਗੀ ਘਾਹ ਬੂਟੀ ਅਤੇ ਪਈ ਗੰਦਗੀ ਕਾਰਨ ਡਰੇਨ ਵਿਚ ਜਮਾਂ ਹੋਇਆ ਗੰਦਾ ਪਾਣੀ ਸਾਉਣ ਮਹੀਨੇ ਦੀਆਂ ਪਹਿਲੀਆਂ ਦੋ ਕੁ ਹੀ ਬਰਸਾਤਾਂ ਨਾਲ ਹੀ ਡਰੇਨ ਨੱਕੋ ਨੱਕ ਭਰਨ ਕਾਰਨ ਬਾਹਰ ਉਛਲ ਕੇ ਆਸ-ਪਾਸ ਕਿਸਾਨਾਂ ਦੇ ਖੇਤਾਂ ਵਿਚ ਗੰਦਾ ਪਾਣੀ ਪੈਣ ਨਾਲ ਡੁੱਬੀਆਂ ਫਸਲਾਂ ਕਾਰਨ ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਖਰਾਬ ਹੋਣ ਦਾ ਡਰ ਸਤਾਅ ਰਿਹਾ ਹੈ। ਜਦੋਂਕਿ ਇਸ ਪਾਣੀ ਕਾਰਨ ਕਿਸਾਨਾਂ ਦੇ ਖੇਤ ਜਿੱਥੇ ਪਾਣੀ ਵਿਚ ਡੁੱਬੇ ਹੋਏ ਹਨ, ਉੱਥੇ ਹੀ ਇਸ ਪਾਣੀ ਕਾਰਨ ਪੈਦਾ ਹੋ ਰਹੇ ਮੱਛਰਾਂ ਨਾਲ ਕੋਈ ਭਿਆਨਕ ਬਿਮਾਰੀ ਵੀ ਫੈਲ ਸਕਦੀ ਹੈ ਅਤੇ ਅਜੇ ਕੁਝ ਦਿਨ ਪਹਿਲਾਂ ਹੀ ਸਥਾਨਕ ਅੱਡਾ ਝਬਾਲ ਵਿਖੇ ਇਕ ਨੌਜਵਾਨ ਦੀ ਡੇਂਗੂ ਕਾਰਨ ਹੋਈ ਮੌਤ ਨਾਲ ਲੋਕਾਂ ਵਿਚ ਪਹਿਲਾਂ ਹੀ ਸਹਿਮ ਦਾ ਮਾਹੌਲ ਬਣਿਆ ਹੋਇਆ ਹੈl ਜ਼ਿਕਰਯੋਗ ਹੈ ਕਿ ਇਹ ਪਾਣੀ ਵਾਲੀ ਡਰੇਨ ਕਿਸਾਨਾਂ ਦੇ ਖੇਤਾਂ ਵਿਚੋਂ ਲੰਘਣ ਤੋਂ ਇਲਾਵਾ ਸਥਾਨਕ ਅੱਡਾ ਝਬਾਲ ਦੀ ਸੰਘਣੀ ਆਬਾਦੀ ਵਾਲੇ ਇਲਾਕੇ ਵਿਚੋਂ ਵੀ ਲੰਘਦੀ ਹੈ ਇਸ ਡਰੇਨ ਦੀ ਸਫ਼ਾਈ ਨਾ ਹੋਣ ਕਰਕੇ ਚਾਰ ਚੁਫੇਰੇ ਹੋਏ ਪਾਣੀ ਕਾਰਨ ਹੜ੍ਹਾਂ ਵਰਗੀ ਸਥਿਤੀ ਬਣੀ ਹੋਈ ਹੈ। ਇਸ ਸੰਬੰਧੀ ਇਲਾਕੇ ਦੇ ਵੱਖ-ਵੱਖ ਆਗੂਆਂ ਚੇਅ. ਬਲਵਿੰਦਰ ਸਿੰਘ ਝਬਾਲ. ਕਾ. ਦਵਿੰਦਰ ਕੁਮਾਰ ਸੋਹਲ. ਗੁਰਵਿੰਦਰ ਸਿੰਘ ਝਬਾਲ. ਕਾ. ਅਸ਼ੋਕ ਕੁਮਾਰ ਸੋਹਲ, ਪ੍ਰਿਤਪਾਲ ਸਿੰਘ ਝਬਾਲ, ਹਰਪਾਲ ਸਿੰਘ ਝਬਾਲ, ਆੜ੍ਹਤੀ ਸੁਖਰਾਜ ਸਿੰਘ ਝਬਾਲ ਅਤੇ ਹੋਰ ਆਗੂਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਹੈ ਕਿ ਇਸ ਡਰੇਨ ਦੀ ਸਫਾਈ ਵੱਲ ਧਿਆਨ ਦਿੱਤਾ ਜਾਵੇ, ਤਾਂ ਜੋ ਕਿਸੇ ਫੈਲਣ ਵਾਲੀ ਬਿਮਾਰੀ ਨੂੰ ਰੋਕਿਆ ਜਾ ਸਕੇ ਅਤੇ ਕਿਸਾਨਾਂ ਦੀਆਂ ਡੁੱਬ ਰਹੀਆਂ ਫਸਲਾਂ ਨੂੰ ਬਚਾਇਆ ਜਾਵੇ।