Aਤਰਨ ਤਾਰਨ, 28 ਜੁਲਾਈ (ਹਰਿੰਦਰ ਸਿੰਘ)— ਡੀ.ਜੀ.ਪੀ. ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਡੀ.ਆਈ.ਜੀ.ਫਿਰੋਜਪੁਰ ਰੇਂਜ ਸਨੇਹਦੀਪ ਸ਼ਰਮਾ ਦੀ ਨਿਗਰਾਨੀ ਹੇਠ ਜ਼ਿਲ੍ਹਾ ਤਰਨ ਤਾਰਨ ਪੁਲਿਸ ਵਲੋਂ ਨਸ਼ਿਆਂ, ਸੰਗਠਿਤ ਅਪਰਾਧ ਅਤੇ ਗੈਂਗਸਟਰ ਨੈੱਟਵਰਕਾਂ ਵਿਰੁੱਧ ਜ਼ੀਰੋ ਟੋਲਰੈਂਸ ਨੀਤੀ ਤਹਿਤ ‘ਆਪਰੇਸ਼ਨ ਪ੍ਰਹਾਰ-4’ ਚਲਾਇਆ ਗਿਆ । ਇਸ ਵਿਸ਼ੇਸ਼ ਮੁਹਿੰਮ ਦੌਰਾਨ ਜ਼ਿਲ੍ਹੇ ਭਰ ਵਿਚ 26 ਗਜ਼ਟਡ ਅਫਸਰਾਨ ਦੀ ਨਿਗਰਾਨੀ ਹੇਠ ਪੁਲਿਸ ਦੀਆਂ 110 ਤੋਂ ਵੱੱਧ ਟੀਮਾਂ ਤਾਇਨਾਤ ਕਰਕੇ 1200 ਤੋਂ ਵੱਧ ਪੁਲਿਸ ਕਰਮਚਾਰੀਆਂ ਵਲੋਂ ਨਸ਼ਾ ਤਸਕਰਾਂ, ਸਰਹੱਦ ਪਾਰ ਤਸਕਰਾਂ, ਗੈਂਗਸਟਰਾਂ, ਭਗੌੜੇ ਮੁਲਜ਼ਮਾਂ ਅਤੇ ਉਨ੍ਹਾਂ ਦੇ ਸਾਥੀਆਂ ਵਿਰੁੱਧ ਇਕੋ ਸਮੇਂ ਵਿਆਪਕ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੁਹਿੰਮ ਦਾ ਮੁੱਖ ਉਦੇਸ਼ ਨਸ਼ਾ ਤਸਕਰੀ ਅਤੇ ਸੰਗਠਿਤ ਅਪਰਾਧ ਨੂੰ ਸਹਾਰਾ ਦੇਣ ਵਾਲੇ ਪੂਰੇ ਨੈੱਟਵਰਕ ਨੂੰ ਤੋੜਨਾ ਹੈ। ਇਸ ਅਪਰੇਸ਼ਨ ਵਿਚ 145 ਤੋਂ ਵੱਧ ਵਿਅਕਤੀ ਜਿਨ੍ਹਾਂ ਵਿਚ ਹਾਰਡ-ਕੋਰ ਕਰਿਮੀਨਲ, ਲੋੜੀਂਦੇ ਅਪਰਾਧੀ, ਡਰੱਗ ਸਮੱਗਲਰ ਗ੍ਰਿਫਤਾਰ/ਰਾਊਂਡ ਅੱਪ ਕੀਤੇ ਗਏ ਹਨ। ਇਹ ਜਾਣਕਾਰੀ ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਨੇ ਦਿੰਦੇ ਹੋਏ ਦੱਸਿਆ ਕਿ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੀ ਸੰਵੇਦਨਸ਼ੀਲਤਾ ਨੂੰ ਧਿਆਨ ਵਿਚ ਰੱਖਦਿਆਂ ਸਰਹੱਦੀ ਪਿੰਡਾਂ ਅਤੇ ਨਸ਼ਾ ਪ੍ਰਭਾਵਿਤ ਹਾਟਸਪਾਟ ਇਲਾਕਿਆਂ ਵਿਚ ਵਿਸ਼ੇਸ਼ ਸਰਚ ਅਤੇ ਨਿਗਰਾਨੀ ਮੁਹਿੰਮ ਚਲਾਈ ਗਈ । ਪੁਲਿਸ ਟੀਮਾਂ ਨੇ ਡਰੋਨ ਰਾਹੀਂ ਹੋਣ ਵਾਲੀ ਤਸਕਰੀ ਨੂੰ ਰੋਕਣ, ਨਸ਼ੀਲੇ ਪਦਾਰਥਾਂ ਦੀ ਖੇਪ ਨੂੰ ਕਾਬੂ ਕਰਨ ਅਤੇ ਸਰਹੱਦੀ ਖੇਤਰਾਂ ਵਿਚ ਸਰਗਰਮ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਸਖ਼ਤ ਚੌਕਸੀ ਬਰਕਰਾਰ ਰੱਖੀ। ਇਸੇ ਦੌਰਾਨ ਹੋਟਲਾਂ, ਗੈਸਟ ਹਾਊਸਾਂ, ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ ਅਤੇ ਹੋਰ ਸੰਵੇਦਨਸ਼ੀਲ ਜਨਤਕ ਥਾਵਾਂ ’ਤੇ ਵਿਸ਼ੇਸ਼ ਚੈਕਿੰਗ ਅਤੇ ਤਸ਼ਦੀਕ ਮੁਹਿੰਮ ਚਲਾਈ ਗਈ । ਸ਼ੱਕੀ ਵਿਅਕਤੀਆਂ, ਵਾਹਨਾਂ ਅਤੇ ਅਦਾਰਿਆਂ ਦੀ ਜਾਂਚ ਕਰਕੇ ਜ਼ਿਲ੍ਹੇ ਵਿਚ ਅਪਰਾਧਿਕ ਗਤੀਵਿਧੀਆਂ ਨੂੰ ਰੋਕਣ ਲਈ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕੀਤੇ ਗਏ। ਉਨ੍ਹਾਂ ਪੰਜਾਬ ਪੁਲਿਸ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਉਨ੍ਹਾਂ ਕਿਹਾ ਕਿ ਆਪਰੇਸ਼ਨ ਪ੍ਰਹਾਰ-4 ਖੁਫ਼ੀਆ ਜਾਣਕਾਰੀ ਆਧਾਰਿਤ ਕਾਰਵਾਈਆਂ ਅਤੇ ਕਾਨੂੰਨ ਦੀ ਸਖ਼ਤ ਲਾਗੂ ਕਰਨ ਰਾਹੀਂ ਪੂਰੀ ਦ੍ਰਿੜਤਾ, ਵਚਨਬੱਧਤਾ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਲਗਾਤਾਰ ਜਾਰੀ ਰਹੇਗਾ ਤਾਂ ਜੋ ਨਸ਼ਾ-ਮੁਕਤ, ਅਪਰਾਧ-ਮੁਕਤ ਅਤੇ ਸੁਰੱਖਿਅਤ ਪੰਜਾਬ ਦੇ ਸੁਪਨੇ ਨੂੰ ਸਾਕਾਰ ਕੀਤਾ। ਐੱਸ.ਐੱਸ.ਪੀ. ਨੇ ਦੱਸਿਾ ਕਿ ਇਸ ਆਪ੍ਰੇਸ਼ਨ ਦੌਰਾਨ ਪੁਲਿਸ ਵਲੋਂ 59 ਪੁਰਾਣੇ ਅਪਰਾਧਿਕ ਕੇਸਾਂ ਵਿਚ ਲੋੜੀਦੇ ਵਿਅਕੀਆਂ ਨੂੰ ਕਾਬੂ ਕੀਤਾ ਗਿਆ ਹੈ। 35 ਚੱਲ ਰਹੇ ਕੇਸਾਂ ਵਿਚ ਅਤੇ 52 ਐੱਨ.ਡੀ.ਪੀ.ਐੱਸ. ਵਿਚ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ। ਇਸ ਤੋਂ ਇਲਾਵਾ 2 ਵਿਅਕਤੀ ਨੂੰ ਹੋਰ ਕੇਸਾਂ ਵਿਚ ਕਾਬੂ ਕੀਤਾ ਗਿਆ ਹੈ, ਜਿਨ੍ਹਾਂ ਦੀ ਕੁੱਲ ਗਿਣਤੀ 148 ਬਣਦੀ ਹੈ। ਐੱਸ.ਐੱਸ.ਪੀ. ਨੇ ਦੱਸਿਆ ਕਿ ਕਾਬੂ ਕੀਤੇ ਵਿਅਕਤੀਆਂ ਪਾਸੋਂ ਇਕ ਪਿਸਟਲ, 237 ਗ੍ਰਾਮ ਹੈਰੋਇਨ, 6750 ਮਿਲੀਲੀਟਰ ਨਾਜਾਇਜ਼ ਸ਼ਰਾਬ, 400 ਰੁਪਏ ਦੀ ਡਰੱਗ ਮਨੀ ਅਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ।