ਤਰਨ ਤਾਰਨ, 29 ਜੁਲਾਈ (ਪਰਮਜੀਤ ਜੋਸ਼ੀ)—ਘਰ ਅੱਗੇ ਗੱਡੀ ਖ਼ੜੀ ਕਰਨ ਤੋਂ ਰੋਕਣ ’ਤੇ ਇਕ ਔਰਤ ਅਤੇ ਉਸਦੇ ਨੂੰਹ-ਪੁੱਤ ਨਾਲ ਕੁੱਟਮਾਰ ਕਰਨ ਦੇ ਦੋਸ਼ ਹੇਠ ਥਾਣਾ ਸਦਰ ਤਰਨ ਤਾਰਨ ਦੀ ਪੁਲਿਸ ਨੇ 6 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਆ ਸਦਰ ਤਰਨ ਤਾਰਨ ਵਿਖੇ ਅਮਰਜੀਤ ਕੌਰ ਪਤਨੀ ਗੁਰਸੇਵਕ ਸਿੰਘ ਵਾਸੀ ਗੋਰਖਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੇ ਘਰ ਨਜ਼ਦੀਕ ਨਿੰਦਰ ਸਿੰਘ ਪੁੱਤਰ ਨਾਜਰ ਸਿੰਘ ਗੋਰਖਾ ਦਾ ਘਰ ਹੈ, ਜਿਸ ਪਾਸ ਅਲਟੋ ਗੱਡੀ ਹੈ, ਜੋ ਕਿ ਉਸ ਦਾ ਲੜਕਾ ਰਾਹੁਲਪ੍ਰੀਤ ਸਿੰਘ ਰੋਜਾਨਾ ਸਾਡੇ ਦਰਵਾਜੇ ਸਾਹਮਣੇ ਗੱਡੀ ਖੜਾ ਕਰ ਦਿੰਦਾ ਸੀ ਅਤੇ ਮੈਂ ਜਦੋਂ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਰਾਹੁਲਪ੍ਰੀਤ ਸਿੰਘ ਸਾਡੇ ਘਰ ਅੱਗੇ ਗੱਡੀ ਲਗਾਉਣੋ ਨਹੀਂ ਹਟਿਆ। 15 ਜੁਲਾਈ ਨੂੰ ਰਾਹੁਲਪ੍ਰੀਤ ਸਿੰਘ, ਹਰਪ੍ਰੀਤ ਕੌਰ ਪੁੱਤਰੀ ਨਿੰਦਰ ਸਿੰਘ, ਰਮਨਦੀਪ ਕੌਰ ਪੁੱਤਰੀ ਨਿੰਦਰ ਸਿੰਘ, ਬਲਜੀਤ ਕੌਰ ਪਤਨੀ ਨਿੰਦਰ ਸਿੰਘ ਵਾਸੀਅਨ ਗੋਰਖਾ ਅਤੇ ਕਿੰਦਰ ਕੌਰ ਪਤਨੀ ਸੁਰਜੀਤ ਸਿੰਘ ਵਾਸੀ ਝਾਮਕਾ ਹਥਿਆਰਾਂ ਨਾਲ ਲੈਸ ਹੋ ਕੇ ਸਾਡੇ ਘਰ ਆਏ ਅਤੇ ਮੇਰੇ ਅਤੇ ਮੇਰੇ ਨੂੰਹ ਅਤੇ ਲੜਕੇ ਜੁਗਰਾਜ ਸਿੰਘ ਨਾਲ ਕੁੱਟਮਾਰ ਕਰਕੇ ਗੰਭੀਰ ਸੱਟਾਂ ਮਾਰ ਦਿੱਤੀਆਂ ਅਤੇ ਅਸੀਂ ਸਾਰਾ ਪਰਿਵਾਰ ਹਸਪਤਾਲ ਵਿਚ ਇਲਾਜ ਲਈ ਦਾਖਲ ਰਹੇ ਹਾਂ। ਜਾਂਚ ਅਧਿਕਾਰੀ ਏ.ਐੱਸ.ਆਈ.ਇੰਦਰਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਉਕਤ ਵਿਅਕਤੀਆਂ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।