ਮੀਆਂਵਿੰਡ, 30 ਜੁਲਾਈ (ਗੁਰਪ੍ਰਤਾਪ ਸਿੰਘ)—ਥਾਣਾ ਵੈਰੋਂਵਾਲ ਦੀ ਪੁਲਿਸ ਨੇ ਜ਼ਮੀਨੀ ਵਿਵਾਦ ਨੂੰ ਲੈ ਕੇ ਵਿਅਕਤੀ ਨਾਲ ਕੁੱਟਮਾਰ ਕਰਕੇ ਉਸ ਨੂੰ ਗੰਭੀਰ ਸੱਟਾਂ ਮਾਰਨ ਦੇ ਦੋਸ਼ ਹੇਠ ਚਾਰ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਵੈਰੋਂਵਾਲ ਵਿਖੇ ਵਰਿੰਦਰ ਸਿੰਘ ਪੁੱਤਰ ਨਿਰਵੈਲ ਸਿੰਘ ਵਾਸੀ ਮੁਗਲਾਣੀ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੀ ਜ਼ਮੀਨ ਦੇ ਨਾਲ ਕੁਲਵਿੰਦਰ ਕੌਰ ਪਤਨੀ ਸੁਖਵੰਤ ਸਿੰਘ ਵਾਸੀ ਮੁਲਗਾਣੀ ਦੀ ਜ਼ਮੀਨ ਲੱਗਦੀ ਹੈ, ਜਿਨ੍ਹਾਂ ਪਾਸੋਂ ਉਸ ਨੇ ਡੇਢ ਸਾਲ ਪਹਿਲਾਂ 10 ਕਨਾਲ ਜ਼ਮੀਨ ਬੈਅ ਸਮੇਤ ਮੋਟਰ ਖਰੀਦ ਕੀਤੀ ਸੀ ਅਤੇ 4 ਕਨਾਲ ਜ਼ਮੀਨ ਦਾ ਬਿਆਨ ਕੀਤਾ ਹੋਇਆ ਸੀ, ਜਿਸ ਦੀ ਰਜਿਸਟਰੀ ਹੋਣੀ ਅਜੇ ਬਾਕੀ ਹੈ। 16 ਜੁਲਾਈ ਨੂੰ ਉਹ ਆਪਣੀ ਜ਼ਮੀਨ ਵਿਚ ਸਪਰੇਅ ਕਰਨ ਲਈ ਗਿਆ ਤਾਂ ਉਥੇ ਹਰਵਿੰਦਰ ਸਿੰਘ ਪੁੱਤਰ ਸੁਖਵੰਤ ਸਿੰਘ, ਕੁਲਵਿੰਦਰ ਕੌਰ ਪਤਨੀ ਸੁਖਵੰਤ ਸਿੰਘ ਵਾਸੀਅਨ ਮੁਗਲਾਣੀ, ਹਰਿੰਦਰ ਸਿੰਘ ਪੁੱਤਰ ਸੁਖਚੈਨ ਸਿੰਘ, ਰਣਜੀਤ ਕੌਰ ਪਤਨੀ ਸੁਖਚੈਨ ਸਿੰਘ ਵਾਸੀਅਨ ਚੋਹਲਾ ਸਾਹਿਬ ਹਥਿਆਰਾਂ ਨਾਲ ਲੈਸ ਹੋ ਕੇ ਆ ਗਏ ਅਤੇ ਉਸ ਨਾਲ ਕੁੱਟਮਾਰ ਕਰਕੇ ਉਸ ਨੂੰ ਗੰਭੀਰ ਸੱਟਾਂ ਮਾਰ ਕੇ ਮੌਕੇ ਤੋਂ ਫਰਾਰ ਹੋ ਗਏ। ਉਹ ਇਲਾਜ ਲਈ ਸਿਵਲ ਹਸਪਤਾਲ ਮੀਆਂਵਿੰਡ ਦਾਖਲ ਰਿਹਾ ਹੈ। ਜਾਂਚ ਅਧਿਕਾਰੀ ਏ.ਐੱਸ.ਆਈ. ਸੁਖਵੰਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਉਕਤ ਵਿਅਕਤੀਆਂ ਖਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।