ਤਰਨ ਤਾਰਨ ’ਚ ਭਖਿਆ ਸੀ.ਐੱਚ.ਓ. ਦਾ ਸੰਘਰਸ਼
ਤਰਨ ਤਾਰਨ, 5 ਅਗਸਤ (ਹਰਿੰਦਰ ਸਿੰਘ)-ਪੰਜਾਬ ਸਰਕਾਰ ਅਤੇ ਕਮਿਊਨਟੀ ਹੈਲਥ ਅਫ਼ਸਰਾਂ (ਸੀ. ਐੱਚ.
ਤਰਨ ਤਾਰਨ, 5 ਅਗਸਤ (ਹਰਿੰਦਰ ਸਿੰਘ)-ਪੰਜਾਬ ਸਰਕਾਰ ਅਤੇ ਕਮਿਊਨਟੀ ਹੈਲਥ ਅਫ਼ਸਰਾਂ (ਸੀ.ਐੱਚ.ਓ.) ਵਿਚਾਲੇ ਚੱਲ ਰਿਹਾ ਵਿਵਾਦ ਹੁਣ ਖੁੱਲ੍ਹੇ ਸੰਘਰਸ਼ ਵਿਚ ਤਬਦੀਲ ਹੋ ਗਿਆ ਹੈ। ਬੁੱਧਵਾਰ ਨੂੰ ਤਰਨ ਤਾਰਨ ਦੇ ਸਿਵਲ ਹਸਪਤਾਲ ਵਿਖੇ ਜ਼ਿਲ੍ਹੇ ਭਰ ਦੇ ਸੀ.ਐੱਚ.ਓ. ਨੇ ਜ਼ਿਲ੍ਹਾ ਪ੍ਰਧਾਨ ਜੈਸਮੀਨ ਕੌਰ ਅਤੇ ਜੁਗਰਾਜ ਕੌਰ ਦੀ ਅਗਵਾਈ ਹੇਠ ਵਿਸ਼ਾਲ ਰੋਸ ਧਰਨਾ ਦਿੱਤਾ। ਇਸ ਮੌਕੇ ਸਰਕਾਰ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ ਅਤੇ ਨਵੀਆਂ ਜਾਰੀ ਕੀਤੀਆਂ ਗਾਈਡਲਾਈਨਜ਼ ਦੀਆਂ ਕਾਪੀਆਂ ਫੂਕ ਕੇ ਸਖ਼ਤ ਰੋਸ ਪ੍ਰਦਰਸ਼ਨ ਕੀਤਾ । ਧਰਨੇ ਤੋਂ ਬਾਅਦ ਯੂਨੀਅਨ ਦੇ ਆਗੂਆਂ ਨੇ ਸਿਵਲ ਸਰਜਨ ਤਰਨ ਤਾਰਨ ਡਾ. ਸੰਦੀਪ ਧਵਨ ਨੂੰ ਮੰਗ ਪੱਤਰ ਸੌਂਪਦਿਆਂ ਜਾਣੂ ਕਰਵਾਇਆ ਕਿ ਯੂਨੀਅਨ ਦੇ ਸੂਬਾ ਪੱਧਰੀ ਫ਼ੈਸਲੇ ਅਨੁਸਾਰ 10 ਅਗਸਤ ਤੱਕ ਸਮੂਹ ਸੀ.ਐੱਚ.ਓ. ਆਪਣੀਆਂ ਆਨਲਾਈਨ ਅਤੇ ਆਫ਼ਲਾਈਨ ਸਿਹਤ ਸੇਵਾਵਾਂ ਮੁਕੰਮਲ ਤੌਰ ’ਤੇ ਬੰਦ ਰੱਖਣਗੇ। ਉਨ੍ਹਾਂ ਕਿਹਾ ਕਿ ਜੇਕਰ ਇਸ ਦੌਰਾਨ ਵੀ ਸਰਕਾਰ ਨੇ ਮੰਗਾਂ ਦਾ ਹੱਲ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਓਧਰ ਪੰਜਾਬ ਭਰ ਦੇ ਸਮੂਹ ਸੀ.ਐੱਚ.ਓ. ਵਲੋਂ ਮੁਕੰਮਲ ਹੜਤਾਲ ਸ਼ੁਰੂ ਕੀਤੇ ਜਾਣ ਕਾਰਨ ਸੂਬੇ ਦੇ ਲਗਪਗ 2500 ਆਯੂਸ਼ਮਾਨ ਆਰੋਗਿਆ ਕੇਂਦਰਾਂ ਦੀਆਂ ਸੇਵਾਵਾਂ ਠੱਪ ਹੋ ਗਈਆਂ ਹਨ। ਇਸ ਨਾਲ ਤਰਨ ਤਾਰਨ ਸਮੇਤ ਹਜ਼ਾਰਾਂ ਪਿੰਡਾਂ ਵਿਚ ਪ੍ਰਾਇਮਰੀ ਸਿਹਤ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਆਗੂਆਂ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਨੇ ਸੀ.ਐੱਚ.ਓ. ਨਾਲ ਕੀਤਾ ਆਪਣਾ ਵਾਅਦਾ ਤੋੜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਈ ਦੌਰ ਦੀਆਂ ਮੀਟਿੰਗਾਂ ਵਿਚ 5000 ਰੁਪਏ ਮਹੀਨਾਵਾਰ ਤਨਖਾਹ ਵਾਧਾ ਦੇਣ ਦਾ ਭਰੋਸਾ ਦਿੱਤਾ ਗਿਆ ਸੀ, ਪਰ 22 ਜੁਲਾਈ ਨੂੰ ਜਾਰੀ ਪੱਤਰ ਰਾਹੀਂ ਇਸ ਵਾਧੇ ਨੂੰ ਤਨਖਾਹ ਵਿਚ ਸ਼ਾਮਿਲ ਕਰਨ ਦੀ ਬਜਾਇ ਇੰਸੈਂਟਿਵ ਨਾਲ ਜੋੜ ਦਿੱਤਾ ਗਿਆ ਅਤੇ ਉਸ ’ਤੇ ਬੈਂਚਮਾਰਕ ਦੀਆਂ ਸਖ਼ਤ ਸ਼ਰਤਾਂ ਲਗਾ ਦਿੱਤੀਆਂ ਗਈਆਂ। ਇਸ ਤੋਂ ਬਾਅਦ 4 ਅਗਸਤ ਨੂੰ ਜਾਰੀ ਨਵੀਆਂ ਗਾਈਡਲਾਈਨਜ਼ ਨੇ ਮੁਲਾਜ਼ਮਾਂ ਦਾ ਰੋਸ ਹੋਰ ਵਧਾ ਦਿੱਤਾ ਹੈ। ਆਗੂਆਂ ਨੇ ਕਿਹਾ ਕਿ ਸਰਕਾਰ ਦੇ ਇਹ ਫ਼ੈਸਲੇ ਸੀ.ਐਚ.ਓ. ਨੂੰ ਅਸਲ ਵਿੱਤੀ ਲਾਭ ਤੋਂ ਵਾਂਝਾ ਰੱਖਣ ਦੀ ਕੋਸ਼ਿਸ਼ ਹਨ। ਉਨ੍ਹਾਂ ਮੰਗ ਕੀਤੀ ਕਿ ਨਵੀਆਂ ਗਾਈਡਲਾਈਨਜ਼ ਤੁਰੰਤ ਵਾਪਸ ਲੈ ਕੇ 5000 ਰੁਪਏ ਦਾ ਸਥਾਈ ਤਨਖਾਹ ਵਾਧਾ, ਲੌਇਲਟੀ ਬੋਨਸ, ਸੀ.ਐੱਚ.ਓ. ਦਾ ਰੈਗੂਲਰ ਕਾਡਰ ਸੈਂਕਸ਼ਨ ਕਰਨਾ ਅਤੇ ਤਨਖਾਹ ਨਾਲ ਇੰਸੈਂਟਿਵ ਨੂੰ ਮਰਜ ਕਰਨਾ ਸਮੇਤ ਸਾਰੀਆਂ ਲੰਬਿਤ ਮੰਗਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ । ਨਾਲ ਹੀ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਜਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਵੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਕਈ ਵਾਰ ਸਰਕਾਰ ਅਤੇ ਸਿਹਤ ਵਿਭਾਗ ਨੂੰ ਗੱਲਬਾਤ ਲਈ ਪੱਤਰ ਲਿਖੇ ਗਏ, ਪਰ ਕੋਈ ਸਕਾਰਾਤਮਕ ਹੁੰਗਾਰਾ ਨਹੀਂ ਮਿਲਿਆ। ਇਸ ਕਾਰਨ ਸੀ.ਐਚ.ਓ. ਨੂੰ ਮਜ਼ਬੂਰਨ ਸੰਘਰਸ਼ ਦਾ ਰਾਹ ਅਪਣਾਉਣਾ ਪਿਆ। ਉਨ੍ਹਾਂ ਐਲਾਨ ਕੀਤਾ ਕਿ 10 ਅਗਸਤ ਨੂੰ ਐਨ.ਐਚ.ਐਮ. ਪੰਜਾਬ ਦੇ ਮੁੱਖ ਦਫ਼ਤਰ, ਚੰਡੀਗੜ੍ਹ ਵਿਖੇ ਪੰਜਾਬ ਭਰ ਤੋਂ ਹਜ਼ਾਰਾਂ ਸੀ.ਐੱਚ.ਓ. ਵਿਸ਼ਾਲ ਰੋਸ ਧਰਨਾ ਦੇਣਗੇ। ਜੇਕਰ ਇਸ ਤੋਂ ਬਾਅਦ ਵੀ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।