ਪੱਟੀ, 8 ਅਗਸਤ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ )–ਪੱਟੀ ਸਹਿਰ ‘ਨਗੀਨਾ ਮੀਂਹ ਇੱਕ ਮਿੰਟ ਤੇ ਚਿੱਕੜ ਮਹੀਨਾ’ ਵਾਲੀ ਕਹਾਵਤ ਅੱਜ ਕੱਲ੍ਹ ਪੱਟੀ ਸ਼ਹਿਰ ਦੀਆਂ ਸੜਕਾਂ ‘ਤੇ ਸੱਚ ਹੁੰਦੀ ਨਜ਼ਰ ਆ ਰਹੀ ਹੈ। ਸ਼ਹਿਰ ਦੇ ਪੁਲਿਸ ਥਾਣੇ ਤੋਂ ਰੇਲਵੇ ਸਟੇਸ਼ਨ ਵੱਲ ਜਾਂਦੀ ਅਹਿਮ ਸੜਕ ‘ਤੇ ਸੀਵਰੇਜ ਦਾ ਗੰਦਾ ਪਾਣੀ ਖੜ੍ਹਾ ਹੋਣ ਕਾਰਨ ਜਿੱਥੇ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਸੜਕ ਕਿਨਾਰੇ ਕਾਰੋਬਾਰ ਕਰਨ ਵਾਲੇ ਦੁਕਾਨਦਾਰ ਵੀ ਬੇਹੱਦ ਪ੍ਰੇਸ਼ਾਨ ਹਨ ਤੇ ਸੜਕ ‘ਤੇ ਖੜ੍ਹੇ ਗੰਦੇ ਪਾਣੀ ਨੇ ਆਵਾਜਾਈ ਨੂੰ ਪ੍ਰਭਾਵਿਤ ਕਰ ਦਿੱਤਾ ਹੈ। ਇਸ ਦੇ ਨਾਲ ਹੀ ਆਸ-ਪਾਸ ਦੇ ਪਿੰਡਾਂ ਤੋਂ ਪੱਟੀ ਸ਼ਹਿਰ ਆਉਣ ਵਾਲੇ ਲੋਕ ਜਦੋਂ ਇਸ ਰਸਤੇ ਤੋਂ ਲੰਘਦੇ ਹਨ ਤਾਂ ਕਈਆਂ ਨੂੰ ਗੰਦੇ ਪਾਣੀ ਤੋਂ ਬਚਣ ਲਈ ਆਪਣੀਆਂ ਜੁੱਤੀਆਂ ਤੱਕ ਹੱਥਾਂ ਵਿਚ ਫੜਨੀਆਂ ਪੈਂਦੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰ ਵਿਚ ਦਾਖ਼ਲ ਹੋਣ ਵਾਲੀ ਇਸ ਮਹੱਤਵਪੂਰਨ ਸੜਕ ਦੀ ਇਹ ਹਾਲਤ ਪੱਟੀ ਦੇ ਵਿਕਾਸ ਕਾਰਜਾਂ ਦੇ ਦਾਅਵਿਆਂ ‘ਤੇ ਵੱਡੇ ਸਵਾਲ ਖੜ੍ਹੇ ਕਰਦੀ ਹੈ। ਸੜਕ ‘ਤੇ ਖੜ੍ਹੇ ਸੀਵਰੇਜ ਦੇ ਪਾਣੀ ਕਾਰਨ ਦੁਕਾਨਦਾਰਾਂ ਨੂੰ ਗਾਹਕਾਂ ਦੀ ਆਵਾਜਾਈ ਘਟਣ ਦਾ ਡਰ ਬਣਿਆ ਹੋਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਗੰਦੇ ਪਾਣੀ ਵਿਚੋਂ ਉੱਠਦੀ ਬਦਬੂ ਅਤੇ ਗੰਦਗੀ ਕਾਰਨ ਦੁਕਾਨਾਂ ‘ਤੇ ਬੈਠਣਾ ਵੀ ਮੁਸ਼ਕਿਲ ਹੋ ਗਿਆ ਹੈ ਤੇ ਕਈ ਦਿਨਾਂ ਤੋਂ ਇਹ ਸਮੱਸਿਆ ਬਣੀ ਹੋਣ ਦੇ ਬਾਵਜੂਦ ਇਸ ਦਾ ਪੱਕਾ ਹੱਲ ਨਾ ਹੋਣ ਕਾਰਨ ਦੁਕਾਨਦਾਰਾਂ ਵਿਚ ਰੋਸ ਪਾਇਆ ਜਾ ਰਿਹਾ ਹੈ । ਇਸ ਦੇ ਨਾਲ ਹੀ ਲੰਬੇ ਸਮੇਂ ਤੱਕ ਖੜ੍ਹਾ ਰਹਿਣ ਵਾਲਾ ਗੰਦਾ ਪਾਣੀ ਅਤੇ ਇਸ ਦੇ ਆਲੇ-ਦੁਆਲੇ ਇਕੱਠੀ ਹੋ ਰਹੀ ਗੰਦਗੀ ਸਿਹਤ ਲਈ ਵੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਸਫ਼ਾਈ ਅਤੇ ਸੀਵਰੇਜ ਦੀ ਨਿਕਾਸੀ ਦਾ ਪ੍ਰਬੰਧ ਨਾ ਕੀਤਾ ਗਿਆ ਤਾਂ ਗੰਦਗੀ ਕਾਰਨ ਸਿਹਤ ਸਬੰਧੀ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ‘ਵਿਕਾਸ’ ਦੇ ਦਾਅਵਿਆਂ ਦੀ ਜ਼ਮੀਨੀ ਹਕੀਕਤ ਸੜਕ ‘ਤੇ ਆਈ’ ਸ਼ਹਿਰ ਵਾਸੀਆਂ ਨੇ ਵਿਅੰਗ ਕਰਦਿਆਂ ਕਿਹਾ ਕਿ ਇਕ ਪਾਸੇ ਸਰਕਾਰ ਅਤੇ ਸੰਬੰਧਿਤ ਆਗੂਆਂ ਵਲੋਂ ਵਿਕਾਸ ਦੇ ਦਾਅਵੇ ਕੀਤੇ ਜਾ ਰਹੇ ਹਨ, ਜਦਕਿ ਦੂਜੇ ਪਾਸੇ ਸ਼ਹਿਰ ਦੀਆਂ ਮੁੱਢਲੀਆਂ ਸਮੱਸਿਆਵਾਂ ਜਿਉਂ ਦੀਆਂ ਤਿਉਂ ਹਨ । ਲੋਕਾਂ ਨੇ ਸਵਾਲ ਕੀਤਾ ਕਿ ਜਦੋਂ ਸ਼ਹਿਰ ਦੀ ਇਕ ਪ੍ਰਮੁੱਖ ਸੜਕ ਤੋਂ ਲੋਕਾਂ ਦਾ ਗੰਦੇ ਪਾਣੀ ’ਚੋਂ ਲੰਘਣਾ ਮੁਸ਼ਕਿਲ ਹੋ ਰਿਹਾ ਹੈ ਤਾਂ ਵਿਕਾਸ ਦੇ ਦਾਅਵਿਆਂ ਦੀ ਜ਼ਮੀਨੀ ਸੱਚਾਈ ਕੀ ਹੈ। ਸ਼ਹਿਰ ਵਾਸੀਆਂ ਅਤੇ ਦੁਕਾਨਦਾਰਾਂ ਨੇ ਨਗਰ ਕੌਂਸਲ ਪੱਟੀ ਤੋਂ ਮੰਗ ਕੀਤੀ ਹੈ ਕਿ ਮੌਕੇ ‘ਤੇ ਤੁਰੰਤ ਟੀਮ ਭੇਜ ਕੇ ਗੰਦੇ ਪਾਣੀ ਦੀ ਨਿਕਾਸੀ ਕਰਵਾਈ ਜਾਵੇ ਅਤੇ ਸੀਵਰੇਜ ਦੀ ਸਮੱਸਿਆ ਦਾ ਸਥਾਈ ਹੱਲ ਕੀਤਾ ਜਾਵੇ । ਲੋਕਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਇਸ ਮੁੱਦੇ ਨੂੰ ਸੰਬੰਧਿਤ ਅਧਿਕਾਰੀਆਂ ਦੇ ਧਿਆਨ ’ਚ ਹੋਰ ਜ਼ੋਰਦਾਰ ਢੰਗ ਨਾਲ ਲਿਆਉਣ ਲਈ ਮਜ਼ਬੂਰ ਹੋਣਗੇ ।
ਸੀਵਰੇਜ ਦੇ ਪਾਣੀ ’ਚ ਡੁੱਬਿਆ ਪੱਟੀ ਸ਼ਹਿਰ ਦਾ ‘ਵਿਕਾਸ’
ਪੱਟੀ, 8 ਅਗਸਤ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ )–ਪੱਟੀ ਸਹਿਰ ‘ਨਗੀਨਾ ਮੀਂਹ ਇੱਕ ਮਿੰਟ ਤੇ ਚਿੱਕੜ ਮਹੀਨਾ’ ਵਾਲੀ ਕਹਾਵਤ ਅੱਜ ਕੱਲ੍ਹ ਪੱਟੀ ਸ਼ਹਿਰ ਦੀਆਂ ਸੜਕਾਂ ‘ਤੇ ਸੱਚ ਹੁੰਦੀ ਨਜ਼ਰ ਆ ਰਹੀ ਹੈ। ਸ਼ਹਿਰ ਦੇ ਪੁਲਿਸ ਥਾਣੇ ਤੋਂ ਰੇਲਵੇ ਸਟੇਸ਼ਨ ਵੱਲ ਜਾਂਦੀ ਅਹਿਮ ਸੜਕ ‘ਤੇ ਸੀਵਰੇਜ ਦਾ ਗੰਦਾ ਪਾਣੀ ਖੜ੍ਹਾ ਹੋਣ ਕਾਰਨ ਜਿੱਥੇ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਸੜਕ ਕਿਨਾਰੇ ਕਾਰੋਬਾਰ ਕਰਨ ਵਾਲੇ ਦੁਕਾਨਦਾਰ ਵੀ ਬੇਹੱਦ ਪ੍ਰੇਸ਼ਾਨ ਹਨ ਤੇ ਸੜਕ ‘ਤੇ ਖੜ੍ਹੇ ਗੰਦੇ ਪਾਣੀ ਨੇ ਆਵਾਜਾਈ ਨੂੰ ਪ੍ਰਭਾਵਿਤ ਕਰ ਦਿੱਤਾ ਹੈ।
ਅਜੀਤ ਡੈਸਕ
09-08-2026