ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕਰਨ ਵਾਲੇ ਕਿਸਾਨ ਗੁਰਜੰਟ ਸਿੰਘ ਦਾ ਸਨਮਾਨ
ਪੱਟੀ, 5 ਨਵੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਪਰਾਲੀ ਪ੍ਰਬੰਧਨ ਦੀਆਂ ਨਵੀਨਤਮ ਵਿਗਿਆਨਕ ਤਕਨੀਕਾਂ ਅਪਣਾਅ ਕੇ ਕਣਕ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਐਸ. ਡੀ.
ਪੱਟੀ, 5 ਨਵੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਪਰਾਲੀ ਪ੍ਰਬੰਧਨ ਦੀਆਂ ਨਵੀਨਤਮ ਵਿਗਿਆਨਕ ਤਕਨੀਕਾਂ ਅਪਣਾਅ ਕੇ ਕਣਕ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਐਸ.ਡੀ.ਐੱਮ ਪੱਟੀ ਅਮਨਦੀਪ, ਬਲਾਕ ਖੇਤੀਬਾੜੀ ਅਫ਼ਸਰ ਪੱਟੀ ਡਾ. ਭੁਪਿੰਦਰ ਸਿੰਘ ਅਤੇ ਐਸ.ਐਚ.ਓ. ਪੱਟੀ ਵਿਪਨ ਕੁਮਾਰ ਵਲੋਂ ਕਿਸਾਨ ਗੁਰਜੰਟ ਸਿੰਘ ਪੁੱਤਰ ਸਰਵਨ ਸਿੰਘ ਵਾਸੀ ਪੱਟੀ ਦੇ ਉੱਦਮ ਦੀ ਸਰਾਹਨਾ ਕਰਦਿਆਂ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਹੌਸਲਾ ਅਫ਼ਜ਼ਾਈ ਕੀਤੀ ਗਈ। ਕਿਸਾਨ ਗੁਰਜੰਟ ਸਿੰਘ ਵਲੋਂ ਆਪਣੀ ਮਾਲਕੀ ਵਾਲੀ 2 ਏਕੜ ਜ਼ਮੀਨ ਸਮੇਤ ਠੇਕੇ ’ਤੇ ਲਈ ਲਗਪਗ 20 ਏਕੜ ਜ਼ਮੀਨ ਅਤੇ ਕਿਰਾਏ ’ਤੇ ਲਗਪਗ 80 ਏਕੜ ਜ਼ਮੀਨ ਵਿਚ ਸੁਪਰ ਸੀਡਰ ਤਕਨੀਕ ਨਾਲ ਕਣਕ ਦੀ ਬਿਜਾਈ ਕੀਤੀ ਗਈ ਹੈ। ਇਸ ਮੌਕੇ ਕਿਸਾਨ ਨੇ ਦੱਸਿਆ ਕਿ ਉਹ ਆਪਣੀ ਜ਼ਮੀਨ ਤੋਂ ਇਲਾਵਾ ਠੇਕੇ ’ਤੇ ਜ਼ਮੀਨ ਲੈ ਕੇ ਖੇਤੀ ਕਰਦੇ ਹਨ ਅਤੇ ਪਰਾਲੀ ਪ੍ਰਬੰਧਨ ਦੀ ਤਕਨੀਕ ਨੂੰ ਲਗਾਤਾਰ ਅਪਣਾ ਰਹੇ ਹਨ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਖੇਤ ਵਿਚ ਸੰਭਾਲਣ ਨਾਲ ਜ਼ਮੀਨ ਵਿਚ ਜੈਵਿਕ ਮੱਲੜ ਦੀ ਮਾਤਰਾ ਵਧਦੀ ਹੈ, ਜਿਸ ਨਾਲ ਮਿੱਟੀ ਦੀ ਬਣਤਰ ਸੁਧਰਦੀ ਹੈ, ਜ਼ਮੀਨ ਨਰਮ ਅਤੇ ਉਪਜਾਊ ਬਣਦੀ ਹੈ ਅਤੇ ਫਸਲ ਦਾ ਚੰਗਾ ਝਾੜ ਪ੍ਰਾਪਤ ਕਰਨ ਵਿੱਚ ਮਦਦ ਮਿਲਦੀ ਹੈ। ਇਸ ਮੌਕੇ ਖੇਤੀ ਮਾਹਿਰਾਂ ਵਲੋਂ ਖੇਤਾਂ ਦਾ ਨਿਰੀਖਣ ਕਰਦਿਆਂ ਕਿਸਾਨਾਂ ਨੂੰ ਕਣਕ ਦੀ ਫਸਲ ਨੂੰ ਕੀੜੇ-ਮਕੌੜਿਆਂ ਅਤੇ ਬਿਮਾਰੀਆਂ ਤੋਂ ਬਚਾਉਣ ਲਈ ਬਿਜਾਈ ਤੋਂ ਪਹਿਲਾਂ ਬੀਜ ਨੂੰ ਸਿਫਾਰਸ਼ ਕੀਤੇ ਕੀਟਨਾਸ਼ਕ ਅਤੇ ਉੱਲੀਨਾਸ਼ਕ ਨਾਲ ਸੋਧਣ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ। ਅਧਿਕਾਰੀਆਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਇ ਸੁਪਰ ਸੀਡਰ, ਹੈਪੀ ਸੀਡਰ ਅਤੇ ਹੋਰ ਨਵੀਨਤਮ ਵਿਗਿਆਨਕ ਤਕਨੀਕਾਂ ਰਾਹੀਂ ਖੇਤਾਂ ਵਿਚ ਹੀ ਸੰਭਾਲਣ। ਇਸ ਮੌਕੇ ਖੇਤੀ ਉਪ ਨਿਰੀਖਕ ਨਿਸ਼ਾਨ ਸਿੰਘ, ਅਵਤਾਰ ਸਿੰਘ ਐੱਸ.ਡੀ.ਐੱਮ. ਦਫ਼ਤਰ, ਪੁਲਿਸ ਕਰਮਚਾਰੀ ਅਤੇ ਫੀਲਡ ਵਰਕਰ ਫਤਿਹ ਸਿੰਘ ਹਾਜ਼ਰ ਸਨ।