ਆਲਮਗੀਰ, 31 ਦਸੰਬਰ (ਜਰਨੈਲ ਸਿੰਘ ਪੱਟੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਸਥਾਨਕ ਇਤਿਹਾਸਿਕ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਦਸਵੀਂ ਆਲਮਗੀਰ ਵਿਖੇ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਆਮਦ ਨੂੰ ਲੈ ਕੇ ਕਰਵਾਏ ਜਾ ਰਹੇ ਸਾਲਾਨਾ ਜੋੜ ਮੇਲ ਦੇ ਦੂਜੇ ਦਿਨ ਭਾਈ ਨਗਾਹੀਆ ਸਿੰਘ ਜੀ ਨੂੰ ਸਮਰਪਿਤ ਕੀਰਤਨ ਦਰਬਾਰ ਮੌਕੇ ਰਾਗੀ, ਢਾਡੀ, ਕੀਰਤਨੀ, ਕਵੀਸ਼ਰੀ ਜਥਿਆਂ ਨੇ ਅੰਮਿ੍ਤਮਈ ਗੁਰਬਾਣੀ ਗਾਇਣ ਕਰਕੇ ਸੰਗਤ ਨੂੰ ਨਿਹਾਲ ਕੀਤਾ | ਇਸ ਦੌਰਾਨ ਸੰਤ ਅਮਰੀਕ ਸਿੰਘ ਜਵੱਦੀ ਟਕਸਾਲ ਵਾਲਿਆਂ ਨੇ ਸੰਗਤ ਨੂੰ ਗੁਰਬਾਣੀ ਸ਼ਬਦ ਦੀਆਂ ਵਿਚਾਰਾਂ ਰਾਹੀਂ ਗੁਰੂ ਅਤੇ ਗੁਰਬਾਣੀ ਨਾਲ ਜੋੜਿਆ | ਰਾਗੀ, ਢਾਡੀ, ਕੀਰਤਨੀ, ਕਵੀਸ਼ਰੀ ਜਥਿਆਂ ਨੂੰ ਗੁਰੂ ਘਰ ਦੀ ਦਾਤ ਸਿਰੋਪਾਉ ਗੁਰਦੁਆਰਾ ਮੈਨੇਜਰ ਹਰਦੀਪ ਸਿੰਘ ਗਿੱਲ ਚੁਗਾਵਾਂ, ਭੁਪਿੰਦਰ ਸਿੰਘ ਜੋਸ਼ੀ, ਮੁੱਖ ਗ੍ਰੰਥੀ ਭਾਈ ਬਲਵਿੰਦਰ ਸਿੰਘ ਆਲਮਗੀਰ ਵਾਲਿਆਂ ਨੇ ਬਖਸ਼ਿਸ਼ ਕੀਤੇ | ਇਸ ਮੌਕੇ ਹਲਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਚਰਨ ਸਿੰਘ ਆਲਮਗੀਰ ਨੇ ਸੰਗਤ ਨੂੰ ਭਾਵਕ ਅਪੀਲ ਕਰਦਿਆਂ ਖੰਡੇ ਬਾਟੇ ਦੀ ਪਾਹੁਲ ਛਕ ਕੇ ਤਿਆਰ ਬਰ ਤਿਆਰ ਸਿੰਘ ਸੱਜਣ ਲਈ ਪ੍ਰੇਰਿਤ ਕੀਤਾ | ਪ੍ਰਚਾਰਕ ਭਾਈ ਕੁਲਦੀਪ ਸਿੰਘ ਰੂਪ ਨਿਸ਼ਾਨ ਆਲਮਗੀਰ ਵਾਲਿਆਂ ਨੇ ਗੁਰਬਾਣੀ ਸ਼ਬਦ ਦੀ ਵਿਆਖਿਆ ਰਾਹੀਂ ਸੰਗਤ ਨੂੰ ਗੁਰੂ ਸਾਹਿਬ ਜੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਸ਼ਹੀਦੀ ਬਿਰਤਾਂਤ ਤੋਂ ਵਿਸਥਾਰ ਪੂਰਵਕ ਜਾਣੂ ਕਰਵਾਇਆ | ਇਸ ਮੌਕੇ ਜਥੇਦਾਰ ਹਰਭਿੰਦਰ ਸਿੰਘ ਭਿੰਦਾ ਮੁਖੀ ਡੇਰਾ ਕਾਰ ਸੇਵਾ ਆਲਮਗੀਰ, ਗੁਰਦੀਪ ਸਿੰਘ ਰਾਜੂ ਆਲਮਗੀਰ, ਭਾਈ ਬਘੇਲ ਸਿੰਘ ਤਲਵਿੰਦਰ ਸਿੰਘ ਮੁਲਤਾਨੀ, ਮਨਮੋਹਨ ਸਿੰਘ ਮੋਹਣਾ, ਮਨਪ੍ਰੀਤ ਸਿੰਘ ਮਣੀ ਖੱਟੜਾ, ਅਮਨਦੀਪ ਸਿੰਘ, ਅਰਵਿੰਦਰ ਸਿੰਘ, ਸਿਕੰਦਰ ਸਿੰਘ ਚੁੰਬਕੀ, ਹਰਿੰਦਰ ਸਿੰਘ ਜੱਸੋਵਾਲ, ਹਰਪ੍ਰੀਤ ਸਿੰਘ ਸੁਖਵੰਤ ਸਿੰਘ ਚੌਧਰੀ ਸਮੇਤ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਗੁਰੂ ਘਰ ਨਤਮਸਤਕ ਹੋ ਕੇ ਜੀਵਨ ਸਫਲਾ ਕੀਤਾ |