ਆਲਮਗੀਰ, 2 ਜਨਵਰੀ (ਜਰਨੈਲ ਸਿੰਘ ਪੱਟੀ )-ਪੰਜਾਬ ਸਰਕਾਰ ਵਲੋਂ ਲਗਾਤਾਰ ਪੰਜਾਬ ਅਤੇ ਪੰਜਾਬੀ ਦੀ ਜ਼ਮੀਨ 'ਤੇ ਵੇਖੋ ਵੱਖਰੇ ਤਰੀਕਿਆਂ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ, ਬੇਸ਼ੱਕ ਚਾਹੇ ਉਹ 3 ਕਿਸਾਨੀ ਕਾਲੇ ਕਾਨੂੰਨ ਹੋਣ ਜਾਂ ਫੇਰ ਪੰਜਾਬ 'ਚ ਲੈਂਡ ਪੁਲਿੰਗ ਮਾਫੀਆ ਸਕੀਮ ਹੋਵੇ | ਉਪਰੋਕਤ ਸ਼ਬਦ ਵਿਧਾਨ ਸਭਾ ਹਲਕਾ ਗਿੱਲ ਦੇ ਇੰਚਾਰਜ ਅਤੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ 110 ਪਿੰਡਾਂ ਦਾ ਸ਼ਹਿਰੀਕਰਨ ਕਰਨ ਦੀ ਨਵੀਂ ਨੋਟੀਫਿਕੇਸ਼ਨ ਜਾਰੀ ਕੀਤੀ ਹੈ, ਜਿਸਦੀ ਅਸੀਂ ਸਖ਼ਤ ਨਿੰਦਾ ਕਰਦੇ ਹਾਂ, ਅਸੀਂ ਲੁਧਿਆਣਾ ਨਗਰ ਨਿਗਮ ਤੋਂ ਪੁੱਛਣਾ ਚਾਉਂਦੇ ਹਾਂ ਕਿਸ ਜਾਂਚ ਅਤੇ ਸਲਾਹ ਮੁਸ਼ਵਰੇ ਨਾਲ ਇਹ ਨੋਟੀਫਿਕੇਸ਼ਨ ਜਾਰੀ ਕੀਤੀ ਹੈ | ਸ. ਵੈਦ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਲੁਧਿਆਣਾ ਨਗਰ ਨਿਗਮ ਕਿਸਾਨਾਂ ਦੀ ਜ਼ਮੀਨ ਨੂੰ ਹੜੱਪਣਾ ਚਾਉਂਦੀ ਹੈ ਅਤੇ ਇਹ ਜ਼ਮੀਨਾਂ ਨੂੰ ਮੁੜ ਵੇਚ ਕੇ ਪੰਜਾਬ ਦੇ ਲੋਕਾਂ ਅਤੇ ਕਿਸਾਨਾਂ ਨਾਲ ਧੋਖਾ ਕਰਨਾ ਚਾਉਂਦੀ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਤੁਰੰਤ ਲੁਧਿਆਣਾ ਨਗਰ ਨਿਗਮ ਨੂੰ ਇਹ ਨੋਟੀਫਿਕੇਸ਼ਨ ਵਾਪਿਸ ਲੈਣ ਅਪੀਲ ਕਰਦੀ ਹੈ, ਜੇਕਰ ਨਗਰ ਨਿਗਮ ਇਹ ਨੋਟੀਫਿਕੇਸ਼ਨ ਵਾਪਿਸ ਨਹੀਂ ਲੈਂਦੀ ਤਾਂ ਅਸੀਂ ਪੰਜਾਬ ਪੱਧਰ 'ਤੇ ਪਾਰਟੀ ਸਮੇਤ ਪੰਜਾਬ ਦੇ ਲੋਕਾਂ ਨਾਲ ਮਿਲ ਕੇ ਰੋਸ ਮੁਜ਼ਾਹਰਾ ਕਰਾਂਗੇ ਅਤੇ ਪੰਜਾਬ ਸਰਕਾਰ ਦਾ ਬਾਈਕਾਟ ਕਰਾਂਗੇ |