ਲਾਡੋਵਾਲ, 2 ਜਨਵਰੀ (ਬਲਬੀਰ ਸਿੰਘ ਰਾਣਾ)- ਸਾਹਿਬ-ਏ- ਕਮਾਲ ਸਰਬੰਸ ਦਾਨੀ, ਅੰਮਿ੍ਤ ਕੇ ਦਾਤੇ, ਕਲਗੀਧਰ ਪਾਤਸ਼ਾਹ, ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਆਗਮਨ ਪੁਰਬ ਦੇ ਸਬੰਧ ਵਿਚ ਸਮੂਹ ਸੰਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਬਉਲੀ ਸਾਹਿਬ ਫਿਲੌਰ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਇਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜਿਸ ਵਿਚ ਇਲਾਕੇ ਦੀਆਂ ਸੰਗਤਾਂ ਨੇ ਵੱਧ ਚੜ ਕੇ ਹਿੱਸਾ ਲਿਆ ਅਤੇ ਗੁਰੂ ਚਰਨਾਂ ਵਿਚ ਹਾਜ਼ਰੀ ਲਗਵਾਈ | ਇਸ ਸਬੰਧੀ ਗੱਲਬਾਤ ਕਰਦਿਆਂ ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਜੀ ਆਲੋਵਾਲ ਦੇ ਮੁਖ ਸੇਵਾਦਾਰ ਸੰਤ ਬਾਬਾ ਸੁਖਵਿੰਦਰ ਸਿੰਘ ਆਲੋਵਾਲ ਨੇ ਦੱਸਿਆ ਕਿ ਉਨਾਂ ਖੁਦ ਵੱਲੋਂ ਅਰਦਾਸ ਕਰਨ ਅਤੇ ਗੁਰੂ ਕੇ ਪੰਜ ਪਿਆਰਿਆਂ ਨੂੰ ਸਿਰੋਪਾਉ ਭੇਟ ਕਰਨ ਉਪਰੰਤ ਇਹ ਨਗਰ ਕੀਰਤਨ ਆਰੰਭ ਕੀਤਾ ਗਿਆ | ਇਸ ਮੌਕੇ ਸੰਤ ਬਾਬਾ ਸੁਖਵਿੰਦਰ ਸਿੰਘ ਆਲੋਵਾਲ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦਸ਼ਮੇਸ਼ ਪਿਤਾ ਨੇ ਆਪ ਸਮੇਤ ਆਪਣਾ ਸਾਰਾ ਪਰਿਵਾਰ ਪੰਥ ਅਤੇ ਕੌਮ ਲਈ ਵਾਰ ਕੇ ਸੀਅ ਤੱਕ ਨਾ ਕੀਤਾ ਸਗੋਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਭਾਣੇ ਮਿੱਠਾ ਮਿੱਠਾ ਕਰਕੇ ਮੰਨਿਆ | ਮਰਦ ਅਗੰਮੜੇ ਕਲਗੀਧਰ ਪਾਤਸ਼ਾਹ ਨੇ ਕੁਰਬਾਨੀਆਂ ਦੇ ਕੇ ਜੋ ਇਤਿਹਾਸ ਰਚਿਆ ਹੈ, ਇਸ ਦੀ ਮਿਸਾਲ ਕਿਧਰੇ ਹੋਰ ਨਹੀਂ ਮਿਲਦੀ | ਜਦ ਕਿ ਸਿੱਖ ਇਤਿਹਾਸ ਗੁਰੂ ਜੀ ਦੇ ਪਰਿਵਾਰ ਵੱਲੋਂ ਦਿੱਤੀਆਂ ਲਸਾਨੀ ਕੁਰਬਾਨੀਆਂ ਦੇ ਨਾਲ ਨੱਕੋ ਨੱਕ ਭਰਿਆ ਪਿਆ ਹੈ | ਉਨ੍ਹਾਂ ਦੱਸਿਆ ਕਿ ਇਸ ਨਗਰ ਕੀਰਤਨ ਦਾ ਜਗ੍ਹਾ ਜਗ੍ਹਾ ਤੇ ਭਰਵਾਂ ਸਵਾਗਤ ਕੀਤਾ ਗਿਆ ਅਤੇ ਸੰਗਤਾਂ ਨੂੰ ਖਾਣ ਪੀਣ ਦੀਆਂ ਵਸਤਾਂ ਵੰਡੀਆਂ | ਜਦਕਿ ਇਹ ਨਗਰ ਕੀਰਤਨ ਗੁਰਦੁਆਰਾ ਬੌਲੀ ਸਾਹਿਬ ਤੋਂ ਆਰੰਭ ਹੋਇਆ ਤੇ ਗੁਰਦੁਆਰਾ ਸਾਹਿਬ ਵਾਪਸ ਪਰਤ ਕੇ ਹੀ ਸਮਾਪਤ ਹੋਇਆ | ਇਸ ਮੌਕੇ ਜਥੇਦਾਰ ਭਾਈ ਦਾਰਾ ਸਿੰਘ, ਬਲਦੇਵ ਸਿੰਘ, ਭਾਈ ਰਿੰਕੂ ਸਿੰਘ ਅਤੇ ਹੋਰ ਸੰਗਤਾਂ ਵੀ ਹਾਜ਼ਰ ਸਨ |