ਲੁਧਿਆਣਾ, 4 ਜਨਵਰੀ (ਜਸਵਿੰਦਰ ਸਿੰਘ)-ਪੀ.ਏ.ਯੂ. ਦੀ ਡਾ. ਮਹਿੰਦਰ ਸਿੰਘ ਰੰਧਾਵਾ ਲਾਇਬ੍ਰੇਰੀ ਦੇ ਸਾਹਮਣੇ ਯੂਨੀਵਰਸਿਟੀ ਵਲੋਂ ਪਾਏ ਯੋਗਦਾਨ ਦੇ ਮਾਣ ਵਜੋਂ ਇਕ ਸਮਾਰਕ ਦਾ ਅੱਜ ਉਦਘਾਟਨ ਹੋਇਆ | ਇਸ ਨਾਲ ਯੂਨੀਵਰਸਿਟੀ ਕੈਂਪਸ ਦੇ ਨਕਸ਼ੇ ਵਿਚ ਨਵਾਂ ਪਛਾਣ ਚਿੰਨ੍ਹ ਜੋੜਨ ਦਾ ਕਾਰਜ ਨੇਪਰੇ ਚੜਿ੍ਹਆ | ਯੂਨੀਵਰਸਿਟੀ ਦੇ ਨਾਂ ਨੂੰ ਸੰਕੇਤਕ ਰੂਪ ਵਿਚ ਪੇਸ਼ ਕਰਦੇ ਛੇ ਫੁੱਟ ਉੱਚੇ ਸਟੀਲ ਦੇ ਤਿੰਨ ਅੱਖਰਾਂ ਨੂੰ ਇਸ ਕਾਰਜ ਤਹਿਤ ਇਕ ਪਲੇਟਫਾਰਮ ਉੱਪਰ ਸਥਾਪਿਤ ਕੀਤਾ ਗਿਆ ਹੈ | ਇਸ ਦਾ ਉਦਘਾਟਨ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਆਪਣੇ ਕਰ ਕਮਲਾਂ ਨਾਲ ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ, ਫੈਕਲਟੀ ਮੈਂਬਰਾਂ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਦੀ ਮੌਜੂਦਗੀ ਵਿਚ ਕੀਤਾ ਗਿਆ ਸੀ | ਇਸ ਸਥਾਨ ਨੂੰ ਯੂਨੀਵਰਸਿਟੀ ਵਲੋਂ ਖੇਤੀ ਖੇਤਰ ਦੇ ਨਾਲ ਨਾਲ ਕਿਸਾਨੀ ਸਮਾਜ ਅਤੇ ਵਿਗਿਆਨਕ ਖੇਤੀ ਲਈ ਪਾਏ ਯੋਗਦਾਨ ਦੇ ਮਾਣ ਦੇ ਸਥਾਨ ਵਜੋਂ ਅੰਕਿਤ ਕੀਤਾ ਗਿਆ ਹੈ | ਇਸ ਦਾ ਉਦਘਾਟਨ ਕਰਨ ਸਮੇਂ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਦੱਸਿਆ ਕਿ ਇਹ ਪਹਿਲ ਵਿਦਿਆਰਥੀ ਭਾਈਚਾਰੇ ਲਈ ਪ੍ਰਤੀਕਾਤਮਿਕ ਕੇਂਦਰ ਵਜੋਂ ਲੰਬੇ ਸਮੇਂ ਤੋਂ ਕੀਤੀ ਗਈ ਮੰਗ ਦਾ ਸਿੱਟਾ ਹੈ | ਉਨ੍ਹਾਂ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਮਾਣ ਦੇ ਇਸ ਸਮਾਰਕ ਨੂੰ ਆਮ ਫੋਟੋ ਕੇਂਦਰ ਦੀ ਥਾਂ ਯੂਨੀਵਰਸਿਟੀ ਦੀ ਮਾਣ ਦੀ ਭਾਵਨਾ ਪ੍ਰਦਰਸ਼ਿਤ ਕਰਨ ਲਈ ਵਿਕਸਿਤ ਕੀਤਾ ਗਿਆ ਹੈ | ਇਹ ਕੇਂਦਰ ਯੂਨੀਵਰਸਿਟੀ ਵਲੋਂ ਨਿਰੰਤਰ ਵਿਕਸਤ ਕੀਤੀ ਗਈ ਵਿਗਿਆਨਕ ਖੇਤੀ ਦੀ ਪ੍ਰਤੀਨਿਧਤਾ ਦੇ ਸਥਾਨ ਵਜੋਂ ਸਥਾਪਤ ਕੀਤਾ ਗਿਆ ਹੈ | ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ (ਆਈ.ਏ.ਐਸ.) ਨੇ ਇਸ ਸਮਾਰਕ ਦੀ ਜਗ੍ਹਾ ਚੁਣਨ ਪਿੱਛੇ ਮੰਤਵ ਦੱਸਦਿਆਂ ਕਿਹਾ ਕਿ ਇਸ ਨੂੰ ਵਿਦਿਆਰਥੀਆਂ ਅਤੇ ਯੂਨੀਵਰਸਿਟੀ ਦੇਖਣ ਆਉਣ ਵਾਲੇ ਲੋਕਾਂ ਦੇ ਨਾਲ ਨਾਲ ਕਿਸਾਨਾਂ ਅਤੇ ਮਹਿਮਾਨਾਂ ਲਈ ਸੁਵਿਧਾਯੋਗ ਜਗ੍ਹਾ ਉੱਪਰ ਸਥਾਪਿਤ ਕੀਤਾ ਗਿਆ ਹੈ | ਮਿਲਖ ਅਧਿਕਾਰੀ ਡਾ. ਰਿਸ਼ੀ ਇੰਦਰਾ ਸਿੰਘ ਗਿੱਲ ਨੇ ਇਸ ਢਾਂਚੇ ਦੇ ਡਿਜ਼ਾਈਨ ਦੀ ਰੂਪਰੇਖਾ ਬਾਰੇ ਜਾਣਕਾਰੀ ਦਿੱਤੀ |