ਲੁਧਿਆਣਾ, 4 ਜਨਵਰੀ (ਜਸਵਿੰਦਰ ਸਿੰਘ)-ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ, ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਨੇ ਅੱਜ ਨਵੇਂ ਸਾਲ ਦਾ ਕਲੰਡਰ ਅਤੇ ਬਿਓਰਾ ਪੁਸਤਕ ਲੋਕ ਅਰਪਣ ਕੀਤੇ | ਡਾ. ਗਿੱਲ ਨੇ ਦੱਸਿਆ ਕਿ ਇਸ ਬਿਓਰਾ ਪੁਸਤਕ ਵਿਚ ਜਿੱਥੇ ਪਸ਼ੂ ਪਾਲਨ ਕਿੱਤਿਆਂ ਸੰਬੰਧੀ ਗਿਆਨ ਪ੍ਰਕਾਸ਼ਿਤ ਹੈ, ਉਥੇ ਪਸ਼ੂਆਂ ਦੀਆਂ ਬਿਮਾਰੀਆਂ, ਪ੍ਰਬੰਧਨ ਅਤੇ ਯੂਨੀਵਰਸਿਟੀ ਵਿਖੇ ਮਿਲਦੀਆਂ ਸੇਵਾਵਾਂ ਦਾ ਵੇਰਵਾ ਵੀ ਦਰਜ ਹੈ | ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਪਸ਼ੂ ਪਾਲਨ ਵਿਚ ਸੁਧਾਰ ਲਈ ਅਤੇ ਸੂਬੇ ਵਿਚ ਇਨ੍ਹਾਂ ਕਿੱਤਿਆਂ ਨਾਲ ਜੁੜੇ ਉਦਯੋਗ ਨੂੰ ਉਤਸ਼ਾਹਿਤ ਕਰਨ ਲਈ ਪੂਰਨ ਤੌਰ 'ਤੇ ਯਤਨਸ਼ੀਲ ਹੈ | ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਨੇ ਕਿਹਾ ਕਿ ਪਸਾਰ ਸਿੱਖਿਆ ਨਿਰਦੇਸ਼ਾਲਾ, ਸਿਖਲਾਈ ਪ੍ਰੋਗਰਾਮਾਂ, ਸਾਹਿੱਤ, ਰਸਾਲੇ, ਸੋਸ਼ਲ ਮੀਡੀਆ ਚੈਨਲ, ਯੂ-ਟਿਊਬ ਤੇ ਫੇਸਬੁੱਕ ਰਾਹੀਂ ਸਮੂਹ ਭਾਈਵਾਲ ਧਿਰਾਂ ਨਾਲ ਵਿਗਿਆਨਕ ਗਿਆਨ ਸਾਂਝਾ ਕਰ ਰਿਹਾ ਹੈ | ਇਸ ਮੌਕੇ 'ਤੇ ਯੂਨੀਵਰਸਿਟੀ ਦੇ ਸਮੂਹ ਅਧਿਕਾਰੀਆਂ ਨੇ ਇਸ ਲੋਕ ਅਰਪਣ ਸਮਾਗਮ ਦੀ ਸੋਭਾ ਵਧਾਈ |