ਲੁਧਿਆਣਾ, 6 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਥਾਣਾ ਮੇਹਰਬਾਨ ਦੇ ਪਿੰਡ ਖਵਾਜਕੇ ਦੇ ਇਕ ਖਾਲੀ ਇਲਾਕੇ ਵਿਚੋਂ ਇਕ ਅਣਪਛਾਤੀ ਸੜੀ ਹੋਈ ਲਾਸ਼ ਪੁਲਿਸ ਵਲੋਂ ਬਰਾਮਦ ਕੀਤੀ ਗਈ | ਕੁੱਝ ਆਵਾਰਾ ਕੁੱਤੇ ਲਾਸ਼ ਨੂੰ ਖਾ ਰਹੇ ਸਨ, ਜਦੋਂ ਪਿੰਡ ਦੇ ਕੁੱਝ ਲੋਕਾਂ ਨੇ ਇਸ ਨੂੰ ਦੇਖਿਆ ਅਤੇ ਪੁਲਿਸ ਨੂੰ ਸੂਚਿਤ ਕੀਤਾ | ਪੁਲਿਸ ਅਨੁਸਾਰ ਲਾਸ਼ ਪੂਰੀ ਤਰ੍ਹਾਂ ਸੜੀ ਹੋਈ ਸੀ, ਜਿਸ ਕਾਰਨ ਪੁਲਿਸ ਇਹ ਪਤਾ ਨਹੀਂ ਲਗਾ ਸਕੀ ਕਿ ਇਹ ਕਿਸੇ ਮਰਦ ਦੀ ਹੈ ਜਾਂ ਔਰਤ ਦੀ | ਸ਼ੁਰੂਆਤੀ ਪੁਲਿਸ ਜਾਂਚ ਵਿਚ ਇਹ ਕਤਲ ਹੋਣ ਦਾ ਸ਼ੱਕ ਪ੍ਰਗਟ ਕੀਤਾ ਹੈ | ਪੁਲਿਸ ਦਾ ਕਹਿਣਾ ਹੈ ਕਿ ਕਾਤਲਾਂ ਵਲੋਂ ਕਤਲ ਕਿਸੇ ਹੋਰ ਥਾਂ ਕਰਨ ਉਪਰੰਤ ਲਾਸ਼ ਇੱਥੇ ਸੁੱਟੀ ਗਈ ਹੈ ਅਤੇ ਉਸ ਦੀ ਪਹਿਚਾਣ ਮਿਟਾਉਣ ਲਈ ਉਸ ਨੂੰ ਅੱਗ ਲਗਾ ਦਿੱਤੀ | ਮੇਹਰਬਾਨ ਪੁਲਿਸ ਸਟੇਸ਼ਨ ਦੇ ਐਸ.ਐਚ.ਓ. ਇੰਸਪੈਕਟਰ ਕੁਲਬੀਰ ਸਿੰਘ ਨੇ ਕਿਹਾ ਕਿ ਪੁਲਿਸ ਨੂੰ ਸੋਮਵਾਰ ਦੇਰ ਰਾਤ ਇਕ ਅਣਪਛਾਤੀ ਲਾਸ਼ ਬਾਰੇ ਸੂਚਨਾ ਮਿਲੀ | ਕੁੱਝ ਪਿੰਡ ਵਾਸੀਆਂ ਨੇ ਦੱਸਿਆ ਕਿ ਕੁੱਤੇ ਖਾਲੀ ਪਲਾਟ ਵਿਚ ਇਸ ਲਾਸ਼ ਨੂੰ ਖਾ ਰਹੇ ਸਨ | ਲਾਸ਼ ਦੇ ਕੁੱਝ ਟੁਕੜੇ ਆਲੇ ਦੁਆਲੇ ਖਿੰਡੇ ਹੋਏ ਸਨ, ਜੋ ਕਿ ਕੁੱਤਿਆਂ ਵਲੋਂ ਖਿਲਾਰ ਦਿੱਤੇ ਗਏ ਸਨ | ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਮਰਦ ਦੀ ਲਾਸ਼ ਹੈ ਜਾਂ ਔਰਤ ਦੀ | ਮੌਕੇ ਦੇ ਨੇੜੇ ਕੋਈ ਕੱਪੜੇ ਜਾਂ ਕੋਈ ਹੋਰ ਸਬੂਤ ਨਹੀਂ ਮਿਲਿਆ | ਪੁਲਿਸ ਨੇ ਲਾਸ਼ ਨੂੰ 72 ਘੰਟਿਆਂ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰੱਖਿਆ ਹੈ | ਪੁਲਿਸ ਇਲਾਕੇ ਵਿਚ ਲੱਗੇ ਸੀ.ਸੀ. ਟੀਵੀ ਦੀ ਵੀ ਜਾਂਚ ਕਰ ਰਹੀ ਹੈ | ਹਾਲਾਂਕਿ ਮੌਕੇ ਦੇ ਨੇੜੇ ਕੋਈ ਸੀ.ਸੀ. ਟੀਵੀ ਨਹੀਂ ਹੈ | ਇਸ ਤੋਂ ਇਲਾਵਾ ਪੁਲਿਸ ਮਿ੍ਤਕ ਦੀ ਪਛਾਣ ਕਰਨ ਲਈ ਲਾਪਤਾ ਵਿਅਕਤੀਆਂ ਦੀਆਂ ਸ਼ਿਕਾਇਤਾਂ ਦੀ ਵੀ ਜਾਂਚ ਕਰ ਰਹੀ ਹੈ | ਐਸ.ਐਚ.ਓ. ਨੇ ਦੱਸਿਆ ਕਿ ਕਤਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਕਿਉਂਕਿ ਲਾਸ਼ ਪੂਰੀ ਤਰ੍ਹਾਂ ਸੜ ਗਈ ਹੈ | ਪੁਲਿਸ ਨੇ ਇਸ ਸੰਬੰਧ ਵਿਚ ਅਜੇ ਤੱਕ ਕੋਈ ਮਾਮਲਾ ਦਰਜ ਨਹੀਂ ਕੀਤਾ ਹੈ |