ਲੁਧਿਆਣਾ, 26 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਪੰਜਾਬ ਐਂਡ ਸਿੰਧ ਬੈਂਕ ਨੂੰ ਸਰਕਾਰੀ ਬੈਂਕ ਵਿਚ ਰਲੇਵੇ ਦੇ ਕੇਂਦਰ ਸਰਕਾਰ ਦੇ ਮਨਸੂਬੇ ਦਾ ਦੁਨੀਆਂ ਭਰ ਦੇ ਸਿੱਖਾਂ ਵਿਚ ਰੋਸ ਪਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਮੀਤ ਸਿੰਘ ਸਾਬਕਾ ਆਨਰੇਰੀ ਸਕੱਤਰ, ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮਿ੍ਤਸਰ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਫਾਉਡਰ ਪ੍ਰਧਾਨ ਤੇ ਡਾਇਰੈਕਟਰ (ਓਵਰਸੀਜ਼) ਨੇ ਕਿਹਾ ਕਿ ਦੁਨੀਆਂ ਭਰ ਦੇ ਸਿੱਖਾਂ ਵਿਚ ਪੰਜਾਬ ਐਂਡ ਸਿੰਧ ਬੈਂਕ ਨੂੰ ਕਿਸੇ ਹੋਰ ਸਰਕਾਰੀ ਬੈਂਕ ਨਾਲ ਮਿਲਾਉਣ ਦੇ ਕੇਂਦਰ ਸਰਕਾਰ ਦੇ ਮਨਸੂਬੇ ਕਾਰਨ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਪੰਜਾਬ ਐਂਡ ਸਿੰਧ ਬੈਂਕ ਦੀ ਸਥਾਪਨਾ 1908 ਵਿਚ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮਿ੍ਤਸਰ ਵਿਖੇ ਅਰਦਾਸ ਉਪਰੰਤ ਕੀਤੀ ਗਈ ਸੀ | ਇਸ ਦੇ ਸਥਾਪਕਾਂ ਵਿਚ ਡਾ. ਭਾਈ ਵੀਰ ਸਿੰਘ ਜੀ, ਸ. ਸੁੰਦਰ ਸਿੰਘ ਮਜੀਠੀਆ, ਸ. ਤਰਲੋਚਨ ਸਿੰਘ, ਡਾ ਇੰਦਰਜੀਤ ਸਿੰਘ ਵਰਗੇ ਕਈ ਪ੍ਰਸਿੱਧ ਸਿੱਖ ਵਿਦਵਾਨ ਅਤੇ ਦੂਰਦਰਸ਼ੀ ਸ਼ਾਮਲ ਸਨ | ਇਹ ਬੈਂਕ ਸਿੱਖਾਂ ਦਾ, ਸਿੱਖਾਂ ਵੱਲੋਂ ਅਤੇ ਸਿੱਖਾਂ ਲਈ ਸਥਾਪਿਤ ਕੀਤਾ ਗਿਆ ਸੀ, ਜਿਸ ਦਾ ਮਕਸਦ ਸਿੱਖਾਂ ਅਤੇ ਪੰਜਾਬੀਆਂ ਦਾ ਆਰਥਿਕ, ਨੈਤਿਕ ਬੈਂਕਿੰਗ ਅਤੇ ਸੇਵਾ ਸੀ | ਗੁਰਮੀਤ ਸਿੰਘ ਨੇ ਕਿਹਾ ਕਿ 1980 ਵਿਚ ਰਾਸ਼ਟਰੀਕਰਨ ਤੋਂ ਪਹਿਲਾਂ ਬੈਂਕ ਦੇ ਸਾਰੇ ਚੇਅਰਮੈਨ ਅਤੇ ਬੋਰਡ ਮੈਂਬਰ ਸਿੱਖਾਂ ਨਾਲ ਸਬੰਧਿਤ ਹੁੰਦੇ ਸਨ | ਰਾਸ਼ਟਰੀਕਰਨ ਸਮੇਂ ਵੀ ਕੇਂਦਰ ਸਰਕਾਰ ਅਤੇ ਸਿੱਖ ਕੌਮ ਦੇ ਪ੍ਰਤੀਨਿਧੀਆਂ ਦਰਮਿਆਨ ਇਹ ਸਹਿਮਤੀ ਬਣੀ ਸੀ ਕਿ ਬੈਂਕ ਦੀ ਵਿਸ਼ੇਸ਼ ਪਛਾਣ ਕਾਇਮ ਰੱਖੀ ਜਾਵੇਗੀ | ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਫੈਸਲੇ ਤੇ ਮੁੜ ਤੋਂ ਵਿਚਾਰ ਕੀਤਾ ਜਾਵੇ |