ਲੁਧਿਆਣਾ, 25 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਕੇਂਦਰੀ ਜੇਲ੍ਹ ਵਿਚ ਅਧਿਕਾਰੀਆਂ ਵਲੋਂ ਚੈਕਿੰਗ ਦੌਰਾਨ ਨਸ਼ੀਲਾ ਪਦਾਰਥ ਅਤੇ ਮੋਬਾਈਲ ਬਰਾਮਦ ਕੀਤੇ ਗਏ ਹਨ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਸ ਮਾਮਲੇ ਵਿਚ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਹਨ | ਪਹਿਲੇ ਮਾਮਲੇ ਵਿਚ ਬਲਿਹਾਰ ਸਿੰਘ ਸਹਾਇਕ ਸੁਪਰਡੈਂਟ ਦੀ ਸ਼ਿਕਾਇਤ 'ਤੇ ਕੈਦੀ ਬਲਜਿੰਦਰ ਸਿੰਘ ਹਵਾਲਾਤੀ ਜੋਬਨਜੀਤ ਸਿੰਘ ਹਵਾਲਾਤੀ ਇਕਬਾਲ ਸਿੰਘ ਅਤੇ ਹਵਾਲਾਤੀ ਦੀਪ ਬਹਿਲ ਉਰਫ ਦੀਪਕ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਅਨੁਸਾਰ ਉਕਤ ਕਥਿਤ ਦੋਸ਼ੀਆਂ ਦੇ ਕਬਜ਼ੇ ਵਿਚੋਂ ਚਾਰ ਮੋਬਾਈਲ ਬਰਾਮਦ ਕੀਤੇ ਗਏ | ਪੁਲਿਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਹ ਮੋਬਾਈਲ ਅੰਦਰ ਕਿਸ ਤਰ੍ਹਾਂ ਪਹੁੰਚਾਏ ਗਏ | ਇਕ ਹੋਰ ਅਜਿਹੇ ਮਾਮਲੇ ਵਿਚ ਹਵਾਲਾਤੀ ਸਤਪਾਲ ਸਿੰਘ ਪਾਸੋਂ ਅਧਿਕਾਰੀਆਂ ਨੇ ਦੋ ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ | ਜੇਲ੍ਹ ਅਧਿਕਾਰੀਆਂ ਵਲੋਂ ਇਹ ਵੀ ਮਾਮਲਾ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਵਲੋਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ ਗਿਆ ਹੈ |