ਲੁਧਿਆਣਾ, 2 ਫਰਵਰੀ (ਜਤਿੰਦਰ ਭੰਬੀ)-ਆਲ ਇੰਡੀਆ ਫੇਅਰ ਪ੍ਰਾਈਸ ਸ਼ਾਪ ਡੀਲਰਜ਼ ਫੈਡਰੇਸ਼ਨ ਯੂਨੀਅਨ ਦੇ ਕੌਮੀ ਸਕੱਤਰ ਤੇ ਪੰਜਾਬ ਪ੍ਰਧਾਨ ਕਰਮਜੀਤ ਸਿੰਘ ਅੜੈਚਾ ਨੇ ਕਿਹਾ ਕਿ ਕੇਂਦਰੀ ਬਜਟ ਵਿਚ ਦੇਸ਼ ਦੇ 6 ਲੱਖ ਡੀਪੂ ਹੋਲਡਰਾਂ ਦੇ ਕਮਿਸ਼ਨ 'ਚ ਵਾਧਾ ਨਾ ਕਰਨ ਕਰਕੇ ਇਸ ਨੂੰ ਨਿਰਾਸ਼ਾਜਨਕ ਬਜਟ ਕਿਹਾ ਜਾ ਸਕਦਾ ਹੈ, ਜਿਸ ਵਿਚ ਡੀਪੂ ਹੋਲਡਰਾਂ ਬਾਰੇ ਕੁੱਝ ਵੀ ਨਹੀਂ ਸੋਚਿਆ ਗਿਆ | ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਰਾਹੀਂ ਦੇਸ਼ ਦੇ 82 ਕਰੋੜ ਲੋਕਾਂ ਨੂੰ ਮੁਫ਼ਤ ਅਨਾਜ ਵੰਡਣ ਵਾਲੇ 6 ਲੱਖ ਡੀਪੂ ਹੋਲਡਰ ਆਪਣੇ ਕਮਿਸ਼ਨ 'ਚ ਵਾਧੇ ਹੋਣ ਦੀ ਉਮੀਦ ਲਗਾਈ ਬੈਠੇ ਸਨ, ਪਰ ਉਨ੍ਹਾਂ ਨੂੰ ਕੇਂਦਰੀ ਬਜਟ ਵਿਚ ਅਣਗੌਲਿਆ ਕੀਤਾ ਗਿਆ ਹੈ | ਅੜੈਚਾ ਨੇ ਕਿਹਾ ਕਿ ਪੰਜਾਬ ਦੇ ਡੀਪੂ ਹੋਲਡਰ 36 ਸੂਬਿਆਂ ਅਤੇ ਸ਼ਾਸਿਤ ਪ੍ਰਦੇਸ਼ਾਂ 'ਚ ਸਭ ਤੋਂ ਘੱਟ ਸਿਰਫ਼ 90 ਰੁਪਏ ਪ੍ਰਤੀ ਕੁਇੰਟਲ ਕਮਿਸ਼ਨ 'ਤੇ ਕੰਮ ਕਰ ਕੇ ਡੰਗ ਟਪਾ ਰਿਹਾ ਹੈ, ਜਿਸ ਨੂੰ ਦੇਖਦੇ ਹੋਏ ਪੰਜਾਬ ਦੇ 18 ਹਜ਼ਾਰ ਡੀਪੂ ਹੋਲਡਰ ਕੇਂਦਰੀ ਬਜਟ ਤੋਂ ਨਿਰਾਸ਼ ਹਨ |