ਲੁਧਿਆਣਾ, 5 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਜਲੰਧਰ ਮੁੱਖ ਸੜਕ 'ਤੇ ਲਾਡੋਵਾਲ ਨੇੜੇ ਸਥਿਤ ਟੋਲ ਪਲਾਜ਼ਾ 'ਤੇ ਵਾਹਨਾਂ ਦੇ ਚਾਲਕਾਂ ਤੋਂ ਖੁਦ ਟੈਕਸ ਵਸੂਲ ਕਰਕੇ ਟੋਲ ਮੁਲਾਜ਼ਮਾਂ ਨੂੰ ਡਰਾ ਧਮਕਾ ਕੇ ਬਿਨਾਂ ਟੈਕਸ ਦਿੱਤੇ ਵਾਹਨ ਕਢਵਾਉਣ ਦੇ ਮਾਮਲੇ ਵਿਚ ਪੁਲਿਸ ਨੇ 15 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਸਹਾਇਕ ਥਾਣੇਦਾਰ ਮੁਹੰਮਦ ਸਦੀਕ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ ਤੇ ਇਸ ਮਾਮਲੇ ਵਿਚ 15 ਦੇ ਕਰੀਬ ਨੌਜਵਾਨਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ | ਪੁਲਿਸ ਅਨੁਸਾਰ ਪਿਛਲੇ ਕੁੱਝ ਸਮੇਂ ਤੋਂ ਨੌਜਵਾਨਾਂ ਦਾ ਇਹ ਟੋਲਾ ਟੋਲ ਪਲਾਜ਼ਾ ਨੇੜੇ ਸਰਗਰਮ ਹੈ ਅਤੇ ਵਾਹਨਾਂ ਨੂੰ ਟੋਲ ਪਲਾਜ਼ਾ ਤੋਂ ਪਹਿਲਾਂ ਰੋਕ ਕੇ ਖੁਦ ਟੈਕਸ ਵਸੂਲ ਲੈਂਦੇ ਸਨ ਅਤੇ ਉੱਥੇ ਮੌਜੂਦ ਟੋਲ ਮੁਲਾਜ਼ਮਾਂ ਨੂੰ ਡਰਾ ਧਮਕਾ ਕੇ ਬਿਨਾਂ ਟੈਕਸ ਦਿੱਤੇ ਵਾਹਨ ਕਢਵਾ ਦਿੰਦੇ ਸਨ, ਜਦੋਂ ਪੁਲਿਸ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਕੇਸ ਦਰਜ ਕਰ ਲਿਆ | ਹਾਲ ਦੀ ਘੜੀ ਇਸ ਮਾਮਲੇ ਵਿਚ ਕੋਈ ਗਿ੍ਫ਼ਤਾਰੀ ਨਹੀਂ ਕੀਤੀ ਗਈ ਹੈ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |