ਲੁਧਿਆਣਾ, 5 ਫਰਵਰੀ (ਜਸਵਿੰਦਰ ਸਿੰਘ)-ਖੇਤ ਪੱਧਰ ਦੀ ਮਸ਼ੀਨਰੀ ਬਾਰੇ ਸਰਵ ਭਾਰਤੀ ਸਾਂਝੇ ਖੋਜ ਪ੍ਰੋਜੈਕਟ ਤਹਿਤ ਪੀ. ਏ. ਯੂ. ਦੇ ਖੇਤ ਮਸ਼ੀਨਰੀ ਅਤੇ ਪਾਵਰ ਇੰਜੀਨੀਅਰਿੰਗ ਵਿਭਾਗ ਨੂੰ ਦੇਸ਼ ਦਾ ਸਰਵੋਤਮ ਖੋਜ ਅਤੇ ਵਿਕਾਸ ਕੇਂਦਰ ਚੁਣਿਆ ਗਿਆ ਹੈ | ਇਹ ਚੋਣ ਸਾਲ 2024-25 ਲਈ ਗੁਜਰਾਤ ਦੀ ਜੂਨਾਗੜ੍ਹ ਯੂਨੀਵਰਸਿਟੀ ਵਿਖੇ ਹੋਈ ਪ੍ਰੋਜੈਕਟ ਦੀ 40ਵੀਂ ਸਾਲਾਨਾ ਵਰਕਸ਼ਾਪ ਦੌਰਾਨ ਕੀਤੀ ਗਈ | ਦੇਸ਼ ਭਰ ਦੇ 25 ਕੇਂਦਰਾਂ ਵਿਚੋਂ ਪੀ. ਏ. ਯੂ. ਨੂੰ ਖੇਤ ਮਸ਼ੀਨਰੀ ਦੇ ਡਿਜ਼ਾਈਨ ਅਤੇ ਵਿਕਾਸ ਲਈ ਕੀਤੇ ਜ਼ਿਕਰਯੋਗ ਕਾਰਜ ਦੇ ਮੱਦੇਨਜ਼ਰ ਸਰਵੋਤਮ ਚੁਣਿਆ ਗਿਆ | ਇੰਜੀਨੀਅਰਿੰਗ ਬਾਰੇ ਆਈ. ਸੀ. ਏ. ਆਰ. ਦੇ ਉਪ ਨਿਰਦੇਸ਼ਕ ਜਨਰਲ ਡਾ. ਐਸ. ਐਮ. ਝਾਅ ਨੇ ਪੀ. ਏ. ਯੂ. ਦੀ ਟੀਮ ਨੂੰ ਇਹ ਐਵਾਰਡ ਸੌਂਪਿਆ | ਇਸ ਮੌਕੇ ਨਿਰਦੇਸ਼ਕ ਡਾ. ਸੀ. ਆਰ. ਮਹਿਤਾ ਅਤੇ ਡਾ. ਕੇ. ਪੀ. ਸਿੰਘ ਤੋਂ ਇਲਾਵਾ ਪ੍ਰੋਜੈਕਟ ਕੁਆਰਡੀਨੇਟਰ ਡਾ. ਕੇ. ਐਨ. ਅਗਰਵਾਲ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ | ਪੀ. ਏ. ਯੂ. ਦੇ ਮਾਹਿਰਾਂ ਡਾ. ਅਨੂਪ ਕੁਮਾਰ ਦੀਕਸ਼ਤ, ਡਾ. ਮਨਪ੍ਰੀਤ ਸਿੰਘ, ਡਾ. ਅਸੀਮ ਵਰਮਾ ਅਤੇ ਡਾ. ਅਪੂਰਵ ਪ੍ਰਕਾਸ਼ ਦੀ ਟੀਮ ਨੇ ਇਸ ਮਾਣਮੱਤੇ ਪੁਰਸਕਾਰ ਨੂੰ ਯੂਨੀਵਰਸਿਟੀ ਲਈ ਹਾਸਲ ਕੀਤਾ | ਵਿਭਾਗ ਦੇ ਮੁਖੀ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਅਤੇ ਹੋਰ ਰਾਜਾਂ ਵਿਚ ਮਸ਼ੀਨਰੀ ਦੇ ਢੁਕਵੇਂ ਵਿਕਾਸ ਪੱਖੋਂ ਲੁਧਿਆਣਾ ਕੇਂਦਰ ਨੂੰ ਸਰਵੋਤਮ ਕਾਰਜ ਕਰਨ ਵਾਲਾ ਗਿਣਿਆ ਗਿਆ | ਡਾ. ਅਨੂਪ ਦੀਕਸ਼ਤ ਮੁਤਾਬਿਕ ਵਿਭਾਗ ਨੇ ਬਹੁਤ ਸਾਰੀਆਂ ਮਸ਼ੀਨਾਂ ਨਿਰਮਿਤ ਕੀਤੀਆਂ, ਜਿਨ੍ਹਾਂ ਵਿਚ ਮੈਟ ਟਾਈਪ ਪਨੀਰੀ ਮਸ਼ੀਨ, ਸਮਾਰਟ ਸੀਡਰ, ਪੈਡੀ ਸਟਰਾਅ, ਚੌਪਰ-ਕਮ-ਸਪਰੈਡਰ, ਬਾਇਓਮਾਸ ਇਨਕਾਰਪੋਰੇਟਰ, ਸਬਜ਼ੀਆਂ ਦੀ ਪਨੀਰੀ ਲਾਉਣ ਵਾਲੀ ਮਸ਼ੀਨ, ਸਬਜ਼ੀਆਂ ਦੀ ਹੱਥੀਂ ਬਿਜਾਈ ਵਾਲੀ ਮਸ਼ੀਨ ਅਤੇ ਸੈਂਸਰ ਆਧਾਰਿਤ ਬਹੁਤ ਸਾਰੀਆਂ ਤਕਨੀਕਾਂ ਸ਼ਾਮਿਲ ਹਨ | ਉਨ੍ਹਾਂ ਕਿਹਾ ਕਿ ਵਿਭਾਗ ਨੇ ਛੋਟੇ ਅਤੇ ਦਰਮਿਆਨੇ ਕਿਸਾਨਾਂ ਲਈ ਖੇਤੀ ਵਿਚ ਕੰਮ ਆਉਣ ਵਾਲੀਆਂ ਅਨੇਕ ਮਸ਼ੀਨਾਂ ਅਤੇ ਤਕਨਾਲੋਜੀਆਂ ਵਿਕਸਿਤ ਕੀਤੀਆਂ ਹਨ | ਪੀ. ਏ. ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਅਤੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਸਮੁੱਚੀ ਟੀਮ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ |