ਲੁਧਿਆਣਾ, 22 ਫਰਵਰੀ (ਡਾ. ਤਰਲੋਚਨ ਸਿੰਘ)-ਕਰਮਚਾਰੀ ਰਾਜ ਬੀਮਾ ਨਿਗਮ ਦੇ 75ਵੇਂ ਸਥਾਪਨਾ ਦਿਵਸ ਨੂੰ ਮਨਾਉਣ ਲਈ, ਈ.ਐਸ.ਆਈ.ਸੀ ਨੇ ਸਪੋਰਟਸ ਅਥਾਰਟੀ ਆਫ਼ ਇੰਡੀਆ ਟ੍ਰੇਨਿੰਗ ਸੈਂਟਰ, ਲੁਧਿਆਣਾ ਦੇ ਸਹਿਯੋਗ ਨਾਲ ਫਿੱਟ ਇੰਡੀਆ ਮੂਵਮੈਂਟ ਦੇ ਹਿੱਸੇ ਵਜੋਂ ਰੱਖਬਾਗ ਪਾਰਕ, ਲੁਧਿਆਣਾ ਵਿਖੇ ''ਸਾਈਕਲ 'ਤੇ ਐਤਵਾਰU ਦਾ ਆਯੋਜਨ ਕੀਤਾ | ਇਸ ਸਮਾਗਮ ਦੀ ਪ੍ਰਧਾਨਗੀ ਪ੍ਰਣੇਸ਼ ਕੁਮਾਰ ਸਿਨਹਾ, ਸੰਯੁਕਤ ਨਿਰਦੇਸ਼ਕ (ਇੰਚਾਰਜ), ਦੋਹਰਾ ਈ.ਐਸ.ਆਈ.ਸੀ ਉਪ-ਖੇਤਰੀ ਦਫ਼ਤਰ, ਲੁਧਿਆਣਾ ਨੇ ਕੀਤੀ | ਇਸ ਮੌਕੇ ਪ੍ਰੋਫੈਸਰ (ਡਾ.) ਇੰਦਰ ਪੰਵਾਰ, ਡੀਨ, ਅਤੇ ਡਾ. ਅਪਰਾਜਿਤਾ ਸੋਫੀਆ ਡੀ'ਸੂਜ਼ਾ, ਮੈਡੀਕਲ ਸੁਪਰਡੈਂਟ, ਈ.ਐਸ.ਆਈ.ਸੀ ਮੈਡੀਕਲ ਕਾਲਜ ਅਤੇ ਹਸਪਤਾਲ, ਲੁਧਿਆਣਾ ਨੇ ਵੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਤੋਂ ਇਲਾਵਾ ਸਪੋਰਟਸ ਅਥਾਰਟੀ ਆਫ਼ ਇੰਡੀਆ ਟ੍ਰੇਨਿੰਗ ਸੈਂਟਰ, ਲੁਧਿਆਣਾ ਦੇ ਸਹਾਇਕ ਨਿਰਦੇਸ਼ਕ ਪੁਸ਼ਕਰ ਸਿੰਘ ਅਤੇ ਬਲਵਿੰਦਰ ਸਿੰਘ ਨੇ ਵੀ ਇਸ ਸਮਾਗਮ ਦੇ ਆਯੋਜਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ | ਆਪਣੇ ਸੰਬੋਧਨ ਵਿੱਚ ਪ੍ਰਣੇਸ਼ ਕੁਮਾਰ ਸਿਨਹਾ ਨੇ ਕਿਹਾ ਕਿ ਈ.ਐਸ.ਆਈ.ਸੀ ਦਾ 75 ਸਾਲਾਂ ਦਾ ਸ਼ਾਨਦਾਰ ਸਫ਼ਰ ਸਮਾਜਿਕ ਸੁਰੱਖਿਆ ਅਤੇ ਗੁਣਵੱਤਾ ਵਾਲੀ ਸਿਹਤ ਸੰਭਾਲ ਦੇ ਖੇਤਰ ਵਿੱਚ ਸਮਰਪਣ ਅਤੇ ਸੇਵਾ ਦਾ ਪ੍ਰਤੀਕ ਰਿਹਾ ਹੈ | ਉਨ੍ਹਾਂ ਨੇ ਸਾਰਿਆਂ ਨੂੰ ਫਿੱਟ ਇੰਡੀਆ ਮੂਵਮੈਂਟ ਨੂੰ ਅਪਣਾ ਕੇ ਇਕ ਸਿਹਤਮੰਦ ਅਤੇ ਸਰਗਰਮ ਜੀਵਨ ਸ਼ੈਲੀ ਜੀਉਣ ਦਾ ਪ੍ਰਣ ਲੈਣ ਦਾ ਸੱਦਾ ਦਿੱਤਾ | ਪ੍ਰੋਫੈਸਰ (ਡਾ.) ਇੰਦਰ ਪੰਵਾਰ ਨੇ ਕਿਹਾ ਕਿ ਸਿਰਫ਼ ਇੱਕ ਸਿਹਤਮੰਦ ਜੀਵਨ ਸ਼ੈਲੀ ਅਪਣਾ ਕੇ ਹੀ ਅਸੀਂ ਸਮਾਜ ਨੂੰ ਬਿਹਤਰ ਸਿਹਤ ਸੰਭਾਲ ਪ੍ਰਦਾਨ ਕਰ ਸਕਦੇ ਹਾਂ | ਡਾ. ਅਪਰਾਜਿਤਾ ਸੋਫੀਆ ਡੀ'ਸੂਜ਼ਾ, ਮੈਡੀਕਲ ਸੁਪਰਡੈਂਟ ਨੇ ਸਾਰੇ ਭਾਗੀਦਾਰਾਂ ਨੂੰ ਆਪਣੀ ਰੋਜ਼ਾਨਾ ਦੀ ਰੁਟੀਨ ਵਿੱਚ ਨਿਯਮਤ ਕਸਰਤ, ਯੋਗਾ ਅਤੇ ਸੰਤੁਲਿਤ ਖੁਰਾਕ ਨੂੰ ਸ਼ਾਮਲ ਕਰਨ ਲਈ ਉਤਸ਼ਾਹਿਤ ਕੀਤਾ | ਇਸ ਪ੍ਰੋਗਰਾਮ ਵਿਚ ਉਪ-ਖੇਤਰੀ ਦਫ਼ਤਰ ਤੋਂ ਪੰਕਜ ਕੁਮਾਰ, ਸਤੀਸ਼ ਕੁਮਾਰ, ਅਜੀਤ ਕੁਮਾਰ ਸਿੰਘ, ਮਨੋਜ ਕੁਮਾਰ ਬੰਗਾਲੀਆ ਅਤੇ ਵਿਕਰਮ ਆਦਿਤਿਆ ਨੇ ਹੋਰ ਸਮਾਜਿਕ ਸੁਰੱਖਿਆ ਅਧਿਕਾਰੀਆਂ ਅਤੇ 50 ਤੋਂ ਵੱਧ ਕਰਮਚਾਰੀਆਂ ਦੇ ਨਾਲ ਸ਼ਿਰਕਤ ਕੀਤੀ | ਪ੍ਰੋਗਰਾਮ ਦੌਰਾਨ ਸਾਈਕਲਿੰਗ, ਯੋਗਾ ਅਤੇ ਹੋਰ ਗਤੀਵਿਧੀਆਂ ਦਾ ਵੀ ਆਯੋਜਨ ਕੀਤਾ ਗਿਆ | ਈ.ਐਸ.ਆਈ.ਸੀ ਸਥਾਪਨਾ ਦਿਵਸ ਸਮਾਰੋਹ ਦੇ ਹਿੱਸੇ ਵਜੋਂ 24 ਫਰਵਰੀ ਤੋਂ 10 ਮਾਰਚ ਤੱਕ ਵੱਖ-ਵੱਖ ਸਿਹਤ ਕੈਂਪ, ਜਾਗਰੂਕਤਾ ਪ੍ਰੋਗਰਾਮ ਅਤੇ ਜਨ ਸੰਪਰਕ ਗਤੀਵਿਧੀਆਂ ਦਾ ਵੀ ਆਯੋਜਨ ਕਰੇਗਾ |