ਲੁਧਿਆਣਾ, 23 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਜਵੱਦੀ ਟਕਸਾਲ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਗੁਰਿਆਈ ਦਿਵਸ ਦੇ ਸਬੰਧ 'ਚ 20 ਤੋਂ 22 ਫਰਵਰੀ ਤੱਕ ਤਿੰਨ ਦਿਨਾਂ ਵਿਸ਼ਵ ਪੰਜਾਬੀ ਕਾਨਫਰੰਸ ਕਰਵਾਈ ਗਈ, ਜਿਸ ਦੀ ਸਫਲਤਾ ਅਤੇ ਸਮਾਪਤੀ ਉਪਰੰਤ ਟਕਸਾਲ ਦੇ ਮੁਖੀ ਸੰਤ ਬਾਬਾ ਅਮੀਰ ਸਿੰਘ ਨੇ ਸਭਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ ਅਧਿਆਤਮਕ ਗੁਰੂ, ਬੀਰ ਸੈਨਾਪਤੀ ਤੇ ਵਿਦਵਾਨ ਮਹਾਂਕਵੀ ਦਾ ਸੰਗਮ ਰੂਪ ਸੀ | ਦੂਜੇ ਸ਼ਬਦਾਂ ਵਿਚ ਗੁਰਤਾ, ਬੀਰਤਾ ਤੇ ਕਾਵਿਕਤਾ ਉਨ੍ਹਾਂ ਦੇ ਭਾਵੇਂ ਮੁੱਖ ਗੁਣ ਸਨ, ਪਰ ਪ੍ਰਧਾਨਤਾ ਗੁਰੂ ਨੂੰ ਹੀ ਪ੍ਰਾਪਤ ਸੀ | ''ਜਵੱਦੀ ਟਕਸਾਲU ਨੇ ਆਪਣਾ ਕੌਮੀ ਫ਼ਰਜ਼ ਸਮਝਦਿਆਂ ਸਿੱਖ ਸਮਾਜ 'ਚ ਇਕ-ਸੁਰਤਾ ਪੈਦਾ ਕਰਨ, ਅਮਨ-ਸ਼ਾਂਤੀ ਵਿਚ ਰਹਿੰਦਿਆਂ ਸੱਭਿਆਚਾਰ ਦੀਆਂ ਉਚੇਰੀਆਂ ਸਿਖਰਾਂ ਨੂੰ ਛੂਹਣ ਅਤੇ ਕੌਮ ਦੀ ਅਗਲੇਰੀ ਪੀੜ੍ਹੀ ਲਈ ਉੱਚਾ-ਸੁੱਚਾ ਤੇ ਸਾਰਥਕ ਉਦੇਸ਼ ਪੇਸ਼ ਕਰਨ ਲਈ ਗੁਰੂ ਸਾਹਿਬ ਜੀ ਦੇ 350 ਸਾਲਾ ਗੁਰਿਆਈ ਦੇ ਸਬੰਧ 'ਚ ਉਨ੍ਹਾਂ ਦੇ ''ਜੀਵਨ, ਬਾਣੀ ਅਤੇ ਵਿਰਾਸਤU ਵਿਸ਼ਿਆਂ 'ਤੇ ਤਿੰਨ ਦਿਨਾਂ ਵਿਸ਼ਵ ਪੰਜਾਬੀ ਕਾਨਫਰੰਸ ਕਰਵਾਈ | ਜਿਸ ਵਿਚ ਵਿਦਵਾਨਾਂ, ਧਰਮ ਤੇ ਇਤਿਹਾਸ ਦੇ ਖੋਜੀਆਂ ਨੇ ਆਪੋ-ਆਪਣੇ ਖੋਜ ਖਜਾਨੇ ਵਿਚੋਂ ਗਿਆਨ ਨੂੰ ਧਰਮ ਅਤੇ ਇਤਿਹਾਸ ਨੂੰ ਜੁਗਿਆਸੂ ਸਰੋਤਿਆਂ ਸਨਮੁੱਖ ਗੁਰਬਾਣੀ ਅਤੇ ਇਤਿਹਾਸਕ ਹਵਾਲਿਆਂ ਨਾਲ ਸਾਂਝਾ ਕੀਤਾ | ਮਹਾਂਪੁਰਸ਼ਾਂ ਨੇ ਵਿਚਾਰ ਗੋਸ਼ਟੀ ਰੂਪੀ ਕਾਨਫਰੰਸ ਨੂੰ ਸਫਲ ਬਣਾਉਣ ਲਈ ਸੰਤ ਬਾਬਾ ਸੇਵਾ ਸਿੰਘ ਰਾਮਪੁਰ ਖੇੜਾ, ਸੰਤ ਬਾਬਾ ਤੇਜਾ ਸਿੰਘ ਜੀ ਖੁੱਡਾ, ਸੰਤ ਗਿਆਨੀ ਗੁਰਮੀਤ ਸਿੰਘ ਖੋਸਾ ਕੋਟਲਾ, ਸੰਤ ਬਾਬਾ ਅਵਤਾਰ ਸਿੰਘ ਸਾਧਾਂ ਵਾਲੇ, ਪ੍ਰੋ. ਪਿ੍ਤਪਾਲ ਸਿੰਘ ਵਾਈਸ ਚਾਂਸਲਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯਨੀਵਰਸਿਟੀ, ਪ੍ਰੋ: ਧਰਮਜੀਤ ਸਿੰਘ ਸਾ:ਵੀ.ਸੀ. ਡਾ: ਚਰਨ ਸਿੰਘ ਸਾ: ਚੇਅਰਮੈਨ ਪੰਜਾਬ ਐਂਡ ਸਿੰਧ ਬੈਂਕ, ਪ੍ਰੋ: ਗੁਰਨੇਕ ਸਿੰਘ, ਪ੍ਰੋ: ਬੂਟਾ ਸਿੰਘ ਸਿੱਧੂ, ਡਾ: ਪਿਆਰੇ ਲਾਲ ਗਰਗ, ਗਿ: ਸੰਤੋਖ ਸਿੰਘ ਆਸਟਰੇਲੀਆ, ਪ੍ਰੋ: ਪਰਮਜੀਤ ਕੌਰ ਗਿੱਲ, ਡਾ: ਤਾਰਾ ਸਿੰਘ ਆਲਮ ਯੂ.ਕੇ. ਪ੍ਰੋ: ਰੌਣਕੀ ਰਾਮ ਪੰਜਾਬ ਯੂਨੀਵਰਸਿਟੀ, ਪ੍ਰੋ: ਸੁਖਦੇਵ ਸਿੰਘ ਸੋਹਲ, ਡਾ: ਅਨਮੋਲ ਰਤਨ ਸਿੰਘ ਸਿੱਧੂ, ਸਾ: ਐਡਵੋਕੇਟ ਜਨਰਲ ਪੰਜਾਬ, ਪ੍ਰੋ: ਬਲਜੀਤ ਸਿੰਘ ਖਹਿਰਾ ਰਜਿਸਟਰਾਰ ਗੁਰੂ ਨਾਨਕ ਦੇਵ ਦੇਵ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ, ਸਰਦਾਰਨੀ ਪ੍ਰਭਜੋਤ ਕੌਰ ਆਈਆਰਐਸ, ਸਰਦਾਰ ਹਰਦਿਆਲ ਸਿੰਘ ਆਈਏਐਸ ਸਮੇਤ ਸਮੁੱਚੇ ਵਿਦਵਾਨਾਂ, ਖੋਜਾਰਥੀਆਂ, ਸਰੋਤਿਆਂ ਅਤੇ ਸਮੁੱਚੇ ਸਹਿਯੋਗੀਆਂ ਦਾ ਧੰਨਵਾਦ ਕੀਤਾ |