ਲੁਧਿਆਣਾ, 24 ਫਰਵਰੀ (ਆਹੂਜਾ)-ਗਾਂਧੀ ਲਾਟਰੀ ਦੇ ਨਾਮ 'ਤੇ ਧੋਖਾਧੜੀ ਕਰਨ ਵਾਲੇ ਨੌਜਵਾਨ ਨੂੰ ਪੁਲਿਸ ਨੇ ਕਾਬੂ ਕੀਤਾ ਹੈ | ਜਾਣਕਾਰੀ ਦਿੰਦਿਆਂ ਏ.ਡੀ.ਸੀ.ਪੀ. ਵੈਭਵ ਸਹਿਗਲ ਨੇ ਦੱਸਿਆ ਕਿ ਕਾਬੂ ਕੀਤੇ ਗਏ ਕਥਿਤ ਦੋਸ਼ੀ ਦੀ ਸ਼ਨਾਖਤ ਪ੍ਰਭਾਤ ਕੁਮਾਰ ਵਾਸੀ ਬਿਹਾਰ ਵਜੋਂ ਕੀਤੀ ਗਈ ਹੈ | ਉਸ ਨੂੰ ਨਵਾਦਾ, ਪੂਰਨੀਆ ਅਤੇ ਪਟਨਾ (ਬਿਹਾਰ) ਵਿਖੇ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰਕੇ ਗਿ੍ਫ਼ਤਾਰ ਕੀਤਾ ਗਿਆ | ਉਕਤ ਮੁਕੱਦਮਾ ਮੁੱਦਈ ਮੁਕੱਦਮਾ ਨੂੰ ਪੰਜ ਲੱਖ ਰੁਪਏ ਦੀ ਲਾਟਰੀ ਜਿੱਤਣ ਦਾ ਝਾਂਸਾ ਦੇ ਕੇ ਕੀਤੀ ਗਈ ਸਾਈਬਰ ਧੋਖਾਧੜੀ ਸਬੰਧੀ ਦਰਜ ਕੀਤਾ ਗਿਆ ਸੀ | ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਆਪਣੇ ਸਾਥੀਆਂ ਨਾਲ ਮਿਲ ਕੇ ''ਗਾਂਧੀ ਲਾਟਰੀ ਲੁਧਿਆਣਾ'' ਦੇ ਨਾਮ 'ਤੇ ਫਰਜ਼ੀ ਲਾਟਰੀ ਸਕੀਮ ਚਲਾ ਰਿਹਾ ਸੀ | ਦੋਸ਼ੀ ਵਲੋਂ ਲੋਕਾਂ ਨੂੰ ਵਟਸਐਪ ਮੈਸੇਜ ਅਤੇ ਫ਼ੋਨ ਕਾਲਾਂ ਰਾਹੀਂ ਸੰਪਰਕ ਕੀਤਾ ਜਾਂਦਾ ਸੀ | ਪਹਿਲਾਂ ਉਨ੍ਹਾਂ ਨੂੰ ਵੱਡੀ ਰਕਮ ਦੀ ਲਾਟਰੀ ਨਿਕਲਣ ਦਾ ਝਾਂਸਾ ਦੇ ਕੇ ਲਾਲਚ ਵਿਚ ਫਸਾਇਆ ਜਾਂਦਾ ਸੀ ਅਤੇ ਬਾਅਦ ਵਿਚ ਰਜਿਸਟ੍ਰੇਸ਼ਨ ਫ਼ੀਸ, ਪ੍ਰੋਸੈਸਿੰਗ ਚਾਰਜ ਜਾਂ ਹੋਰ ਛੋਟੀਆਂ-ਛੋਟੀਆਂ ਰਕਮਾਂ ਦੇ ਨਾਮ 'ਤੇ ਪੈਸੇ ਮੰਗੇ ਜਾਂਦੇ ਸਨ | ਇਸ ਤਰ੍ਹਾਂ ਦੋਸ਼ੀ ਵੱਖ-ਵੱਖ ਵਿਅਕਤੀਆਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਨਾਲ ਸਾਈਬਰ ਧੋਖਾਧੜੀ ਕਰਦਾ ਸੀ | ਮੁਲਜ਼ਮ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ | ਮਾਮਲੇ ਨਾਲ ਸੰਬੰਧਿਤ ਹੋਰ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ ਅਤੇ ਡਿਜੀਟਲ ਸਬੂਤਾਂ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ | ਪੁਲਿਸ ਵਲੋਂ ਆਮ ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਸ਼ੱਕੀ ਕਾਲ, ਮੈਸੇਜ ਜਾਂ ਲਾਟਰੀ ਸੰਬੰਧੀ ਪੇਸ਼ਕਸ਼ ਤੋਂ ਸਾਵਧਾਨ ਰਹਿਣ | ਅਜਿਹੀ ਕਿਸੇ ਵੀ ਘਟਨਾ ਬਾਰੇ ਤੁਰੰਤ ਸਾਈਬਰ ਕ੍ਰਾਈਮ ਹੈਲਪਲਾਈਨ ਨੰਬਰ 1930 ਜਾਂ ਨਜ਼ਦੀਕੀ ਪੁਲਿਸ ਥਾਣੇ ਨਾਲ ਸੰਪਰਕ ਕੀਤਾ ਜਾਵੇ |