ਗਿੱਲ ਰੋਡ ਦਾਣਾ ਮੰਡੀ ਦੀ ਗ੍ਰੀਨ ਬੈਲਟ ਹੀ ਦੱਬ ਗਏ ਨਾਜਾਇਜ਼ ਕਬਜ਼ਾਧਾਰੀ ਕਾਰ ਬਾਜ਼ਾਰ, ਪਾਨ, ਬੀੜੀਆਂ, ਸਿਗਰਟਾਂ ਤੇ ਚਾਹ ਦੀ ਦੁਕਾਨ ਸਮੇਤ ਚੱਲ ਰਹੇ ਕਈ ਤਰ੍ਹਾਂ ਦੇ ਕਾਰੋਬਾਰ <br/>
ਅਜੀਤ ਡੈਸਕ
25-02-2026
ਲੁਧਿਆਣਾ, 24 ਫਰਵਰੀ-ਮਹਾਂਨਗਰ ਦੇ ਵਿਚ ਹਰ ਪਾਸੇ ਨਾਜਾਇਜ਼ ਕਬਜ਼ਾਧਾਰੀਆਂ ਨੇ ਆਪਣਾ ਪੂਰਾ ਦਬਦਬਾ ਕਾਇਮ ਕੀਤਾ ਹੋਇਆ ਹੈ | ਮਹਾਂਨਗਰ ਦਾ ਸ਼ਾਇਦ ਹੀ ਕੋਈ ਅਜਿਹਾ ਇਲਾਕਾ ਬਚਿਆ ਹੋਵੇ, ਜਿੱਥੇ ਨਾਜਾਇਜ਼ ਕਬਜ਼ਾਧਾਰੀਆਂ ਨੇ ਕਬਜ਼ਾ ਨਾ ਕੀਤਾ ਹੋਵੇ | ਜੇਕਰ ਲੋਕਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਨਾਜਾਇਜ਼ ਕਬਜ਼ੇ ਅਧਿਕਾਰੀਆਂ ਦੀ ਮਿਲੀ ਭੁਗਤ ਅਤੇ ਅਣਗਹਿਲੀ ਤੋਂ ਬਿਨਾਂ ਨਹੀਂ ਹੋ ਸਕਦੇ | ਜੇਕਰ ਮਹਾਂਨਗਰ ਦੀ ਗਿੱਲ ਰੋਡ ਦਾਣਾ ਮੰਡੀ ਦੀ ਗੱਲ ਕਰੀਏ ਤਾਂ ਉਥੇ ਅਨੇਕਾਂ ਹੀ ਨਾਜਾਇਜ਼ ਕਬਜ਼ੇ ਹੋ ਚੁੱਕੇ ਹਨ | ਇਹਨਾਂ ਨਾਜਾਇਜ਼ ਕਬਜ਼ਾਧਾਰੀਆਂ ਨੇ ਲਗਭਗ ਅੱਧਾ ਕਿੱਲੋਮੀਟਰ ਵਿਚ ਬਣੀ ਗ੍ਰੀਨ ਬੈਲਟ ਹੀ ਦੱਬ ਲਈ ਹੈ | ਆਸ ਪਾਸ ਦੇ ਲੋਕਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਕਿਸੇ ਸਮੇਂ ਇਸ ਗ੍ਰੀਨ ਬੈਲਟ ਦੇ ਵਿਚ ਹਰਾ ਘਾਹ ਅਤੇ ਬੂਟੇ ਆਦਿ ਵੀ ਲੱਗੇ ਹੁੰਦੇ ਸਨ | ਹੌਲੀ ਹੌਲੀ ਇੱਥੇ ਪਰਵਾਸੀਆਂ ਵਲੋਂ ਆਰਜ਼ੀ ਤੌਰ 'ਤੇ ਛੋਟੇ ਮੋਟੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਗਏ | ਕਿਸੇ ਕਿਸਮ ਦਾ ਪਾਬੰਦੀਸ਼ੁਦਾ ਬੋਰਡ ਜਾਂ ਨਿਗਰਾਨੀ ਨਾ ਹੋਣ ਸਦਕਾ ਇੱਥੇ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਹੋ ਗਈ, ਜਿਸ ਦਾ ਨਤੀਜਾ ਇਹ ਨਿਕਲਿਆ ਕਿ ਅੱਜ ਇਹ ਨਾਜਾਇਜ਼ ਕਬਜ਼ਾਧਾਰੀ ਕਿਸੇ ਹੋਰ ਨੂੰ ਇੱਥੇ ਕੋਈ ਕੰਮ ਕਰਨ ਨਹੀਂ ਦਿੰਦੇ ਅਤੇ ਨਾ ਹੀ ਇਹ ਨਾਜਾਇਜ਼ ਕਬਜ਼ੇ ਛੱਡਦੇ ਹਨ | ਇਸ ਗਰੀਨ ਬੈਲਟ ਨੂੰ ਹਰਿਆ ਭਰਿਆ ਰੱਖਣਾ ਅਤੇ ਇਸ ਦੀ ਸਾਂਭ ਸੰਭਾਲ ਕਰਨੀ ਜਿੱਥੇ ਸੰਬੰਧਿਤ ਮਹਿਕਮੇ ਦੀ ਵੱਡੀ ਜ਼ਿੰਮੇਵਾਰੀ ਸੀ, ਉੱਥੇ ਉਨ੍ਹਾਂ ਦੀ ਅਣਗਹਿਲੀ ਸਦਕਾ ਗ੍ਰੀਨ ਬੈਲਟ ਦਾ ਖੁਰਾ ਖੋਜ ਹੀ ਸਮਾਪਤ ਹੋ ਗਿਆ ਹੈ | ਇਸ ਗਰੀਨ ਬੈਲਟ ਦੇ ਵਿਚ ਪਾਨ ਪੀੜੀਆਂ ਵੇਚਣ ਵਾਲੇ, ਕੱਚੇ ਢਾਬਾ ਮਾਲਕ, ਨਾਈ, ਰੇੜੀਆਂ ਪਾਰਕਿੰਗ, ਕਾਰਾਂ ਦੀ ਖਰੀਦੋ ਫਰੋਖਤ ਆਦਿ ਕਈ ਤਰ੍ਹਾਂ ਦੇ ਨਾਜਾਇਜ਼ ਕਬਜ਼ਾਧਾਰੀ ਬੈਠੇ ਹਨ | ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਹਨਾਂ ਨਾਜਾਇਜ਼ ਕਬਜ਼ਾਧਾਰੀਆਂ ਕੋਲੋਂ ਅਧਿਕਾਰੀਆਂ ਦੇ ਨਾਂ 'ਤੇ ਪੈਸੇ ਵੀ ਇਕੱਠੇ ਕੀਤੇ ਜਾ ਰਹੇ ਹਨ | ਨਾਜਾਇਜ਼ ਦੁਕਾਨਦਾਰੀ ਬੰਦ ਹੋਣ ਦੇ ਡਰ ਕਾਰਨ ਕਥਿਤ ਤੌਰ 'ਤੇ ਪੈਸੇ ਇਕੱਠੇ ਕਰਨ ਵਾਲੇ ਦਾ ਨਾਮ ਦੱਸਣ ਤੋਂ ਕਿਨਾਰਾ ਕਰ ਰਹੇ ਹਨ |
ਕਈ ਵਾਰੀ ਭਜਾ ਚੁੱਕੇ ਹਾਂ, ਪਰ ਇਹ ਫਿਰ ਵਾਪਸ ਆ ਜਾਂਦੇ ਹਨ-ਸਕੱਤਰ ਗਿੱਲ
ਮਾਰਕੀਟ ਕਮੇਟੀ ਸਕੱਤਰ ਹਰਿੰਦਰ ਸਿੰਘ ਗਿੱਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਗਰੀਨ ਬੈਲਟ ਵਿਚ ਬੈਠੇ ਨਾਜਾਇਜ਼ ਕਬਜ਼ਾਧਾਰੀਆਂ ਨੂੰ ਕਈ ਵਾਰੀ ਇੱਥੋਂ ਖਦੇੜਿਆ ਜਾ ਚੁੱਕਾ ਹੈ, ਪਰ ਇਹ ਫਿਰ ਵਾਪਸ ਆ ਜਾਂਦੇ ਹਨ | ਨਾਜਾਇਜ਼ ਕਬਜ਼ੇ ਦੁਬਾਰਾ ਫਿਰ ਤੋਂ ਨਾ ਹੋਣ ਇਸ ਲਈ ਕੰਧ ਬਣਾਉਣ ਵਾਸਤੇ ਵੀ ਮਤਾ ਪਾਇਆ ਗਿਆ ਹੈ, ਪਰ ਹਜੇ ਕੋਈ ਪ੍ਰਵਾਨਗੀ ਨਾ ਮਿਲਣ ਕਰਕੇ ਕੋਈ ਅਗਲੀ ਕਾਰਵਾਈ ਨਹੀਂ ਹੋ ਸਕੀ | ਉਨ੍ਹਾਂ ਕਿਹਾ ਕਿ ਆਰਜ਼ੀ ਤੌਰ 'ਤੇ ਬੈਠੇ ਇਹਨਾਂ ਨਾਜਾਇਜ਼ ਕਬਜ਼ਾਧਾਰੀਆਂ ਕੋਲੋਂ ਪਰਚੀ ਕੱਟਣ ਦੀ ਵੀ ਵਿਉਂਤਬੰਦੀ ਕੀਤੀ ਜਾ ਰਹੀ ਹੈ |