ਲਾਡੋਵਾਲ, 2 ਮਾਰਚ (ਬਲਬੀਰ ਸਿੰਘ ਰਾਣਾ)-ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰੇਤੇ ਦੀ ਮਾਈਨਿੰਗ ਤੋਂ ਕਾਨੂੰਨੀ ਤਰੀਕੇ ਨਾਲ ਹਰ ਸਾਲ 20 ਹਜ਼ਾਰ ਕਰੋੜ ਰੁਪਏ ਦੀ ਆਮਦਨ ਕਮਾ ਕੇ ਪੰਜਾਬ ਦੇ ਖਜ਼ਾਨੇ ਨੂੰ ਭਰਨ ਦੇ ਬੜੇ ਵੱਡੇ ਦਾਅਵੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਲੋਕਾਂ ਨਾਲ ਕੀਤੇ ਸਨ, ਪ੍ਰੰਤੂ ਲੋਕਾਂ ਨੇ ਪੰਜਾਬ ਅੰਦਰ ਬਦਲਾਅ ਲਿਆਉਣ ਲਈ ਉਨ੍ਹਾਂ ਦੀ ਪਾਰਟੀ ਸੱਤਾ 'ਚ ਲਿਆਂਦੀ, ਲੇਕਿਨ ਪੰਜਾਬ ਸਰਕਾਰ ਪਾਰਟੀ ਸੁਪਰੀਮੋ ਦੇ ਦਾਅਵਿਆਂ ਨੂੰ ਸੱਚ ਸਾਬਤ ਨਹੀਂ ਕਰ ਪਾਈ, ਜਦਕਿ ਪੰਜਾਬ ਸਰਕਾਰ ਵਲੋਂ ਗ਼ੈਰ ਕਾਨੂੰਨੀ ਮਾਈਨਿੰਗ ਨੂੰ ਜੜੋਂ ਖਤਮ ਕਰਨ ਅਤੇ ਰੋਕਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ, ਦੂਜੇ ਪਾਸੇ ਅਸਲੀਅਤ ਇਹ ਹੈ ਕਿ ਰੇਤ ਮਾਫ਼ੀਆ ਅੱਜ ਵੀ ਧੜੱਲੇ ਨਾਲ ਬੇਖੌਫ ਸਤਲੁਜ ਦਰਿਆ ਵਿਚੋਂ ਮਾਈਨਿੰਗ ਕਰ ਰਿਹਾ ਹੈ | ਇਸ ਗੈਰ ਕਾਨੂੰਨੀ ਮਾਈਨਿੰਗ ਨੂੰ ਮਾਈਨਿੰਗ ਵਿਭਾਗ ਅਤੇ ਸਬੰਧਿਤ ਥਾਣਿਆਂ ਦੀ ਪੁਲਿਸ ਵੀ ਰੇਤੇ ਦੀ ਚੋਰੀ ਨੂੰ ਠੱਲ੍ਹ ਨਹੀਂ ਪਾ ਸਕੇ | ਕਹਾਵਤ ਅਨੁਸਾਰ 'ਸਿਆਣਿਆਂ ਦਾ ਕਿਹਾ ਸਿਰ ਮੱਥੇ, ਪਰਨਾਲਾ ਉਥੇ ਦਾ ਉਥੇ', ਮੰਤਰੀ ਵੀ ਬਦਲੇ ਗਏ, ਲੇਕਿਨ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਵਿਚ ਸਰਕਾਰ ਫਿਰ ਅਸਫਲ ਰਹੀ | ਮੌਜੂਦਾ ਸਮੇਂ 'ਚ ਵੀ ਗੈਰਕਾਨੂੰਨੀ ਮਾਈਨਿੰਗ ਦਾ ਧੰਦਾ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹੈ, ਜਿਸ ਨੂੰ ਛੁਪਾਇਆ ਨਹੀਂ ਜਾ ਸਕਦਾ | ਡੀ-ਸਿਲਟਿੰਗ ਰਾਹੀਂ ਵੀ ਗੈਰ ਕਾਨੂੰਨੀ ਮਾਈਨਿੰਗ ਕੀਤੀ ਜਾ ਰਹੀ ਹੈ, ਜਿਸ ਨਾਲ ਦਰਿਆ ਵਿਚ 20 ਫੁੱਟ ਤੱਕ ਡੂੰਘੇ ਟੋਏ ਪਾ ਕੇ ਸਰਕਾਰ ਨੂੰ ਲੱਖਾਂ ਦਾ ਚੂਨਾ ਲਗਾਇਆ ਜਾ ਰਿਹਾ ਹੈ | ਜੇਕਰ ਨਾਜਾਇਜ਼ ਮਾਈਨਿੰਗ ਨੂੰ ਨੱਥ ਨਾ ਪਾਈ ਗਈ ਤਾਂ ਆਉਣ ਵਾਲੇ ਬਰਸਾਤਾਂ ਦੇ ਦਿਨਾਂ ਵਿਚ ਹੜ੍ਹਾਂ ਵਰਗੀ ਸਥਿਤੀ ਨਾਲ ਨਜਿੱਠਣਾ ਮੁਸ਼ਕਿਲ ਹੋ ਜਾਵੇੇਗਾ |