14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਗਲਾਡਾ ਅਧੀਨ ਆਉਂਦੀਆਂ 47 ਗ਼ੈਰ ਕਾਨੂੰਨੀ ਇਮਾਰਤਾਂ ਖ਼ਿਲਾਫ਼ ਉੱਚ ਅਦਾਲਤ ਦੇ ਫ਼ੈਸਲੇ ਨੇ ਮਚਾਇਆ ਹੜਕੰਪ <br/>

Ad Position 21
No active advertisement
ਅਜੀਤ ਡੈਸਕ 04-03-2026
ਲੁਧਿਆਣਾ, 3 ਮਾਰਚ (ਜਸਵਿੰਦਰ ਸਿੰਘ)-ਫ਼ਿਰੋਜ਼ਪੁਰ ਰੋਡ ਤੋਂ ਲਾਡੋਵਾਲ ਸਿੱਧਵਾਂ ਨਹਿਰ ਨਾਲ ਬਣੀਆਂ 47 ਗ਼ੈਰਕਾਨੂੰਨੀ ਇਮਾਰਤਾਂ ਖ਼ਿਲਾਫ਼ ਲੁਧਿਆਣਾ ਸਿਟੀਜ਼ਨਜ਼ ਕੌਂਸਲ ਵਲੋਂ ਦਾਇਰ ਕੀਤੀ ਰਿੱਟ 'ਤੇ ਸੁਣਵਾਈ ਕਰਦੇ ਹੋਏ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਗੈਰਕਾਨੂੰਨੀ ਨਿਰਮਾਣਾਂ ਖ਼ਿਲਾਫ਼ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ | ਇਨ੍ਹਾਂ ਹੁਕਮਾਂ ਦੇ ਤਹਿਤ ਗਲਾਡਾ ਨੇ 47 ਗੈਰਕਾਨੂੰਨੀ ਇਮਾਰਤਾਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਤੋੜਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਸੰਬੰਧਿਤ ਧਿਰਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਹਨ | ਉਚ ਅਦਾਲਤ ਵਲੋਂ ਆਏ ਗ਼ੈਰ ਕਾਨੂੰਨੀ ਇਮਾਰਤਾਂ ਨੂੰ ਢਾਹੁਣ ਦੇ ਫ਼ੈਸਲੇ ਨਾਲ ਸੰਬੰਧਿਤ ਧਿਰਾਂ ਵਿਚ ਹੜਕੰਪ ਮੱਚ ਗਿਆ ਹੈ | ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਹਨਾਂ ਇਮਾਰਤਾਂ ਨਾਲ ਸੰਬੰਧਿਤ ਧਿਰਾਂ ਆਪੋ ਆਪਣੇ ਸਿਆਸੀ ਨੇਤਾਵਾਂ ਦੇ ਦਫ਼ਤਰਾਂ ਅਤੇ ਕੋਠੀਆਂ ਵਿਚ ਪਹੁੰਚਣੇ ਸ਼ੁਰੂ ਹੋ ਗਏ ਹਨ | ਲੁਧਿਆਣਾ ਸਿਟੀਜ਼ਨ ਕੌਂਸਲ ਤੋਂ ਡਾ. ਕਮਲਜੀਤ ਸੋਈ ਅਤੇ ਦਰਸ਼ਨ ਅਰੋੜਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ 47 ਗ਼ੈਰਕਾਨੂੰਨੀ ਇਮਾਰਤਾਂ ਸਿਰਫ਼ ਢਾਂਚੇ ਨਹੀਂ, ਸਗੋਂ 47 ਸੰਭਾਵਿਤ ਹਾਦਸਿਆਂ ਦੇ ਕੇਂਦਰ ਹਨ | ਸਾਊਥ ਸਿਟੀ ਰੋਡ ਬਿਨਾਂ ਪਾਰਕਿੰਗ, ਬਿਨਾਂ ਸਰਵਿਸ ਲੇਨ ਅਤੇ ਬਿਨਾਂ ਰੋਡ ਸੇਫ਼ਟੀ ਆਡਿਟ ਦੇ ਬਣੇ ਨਿਰਮਾਣਾਂ ਕਰਕੇ ਬਹੁਤ ਹੀ ਖ਼ਤਰਨਾਕ ਬਣ ਚੁੱਕੀ ਹੈ | ਮਨੁੱਖੀ ਜ਼ਿੰਦਗੀ ਸਭ ਤੋਂ ਉੱਪਰ ਹੈ ਅਤੇ ਕਾਨੂੰਨ ਤੋਂ ਵੱਡਾ ਕੋਈ ਨਹੀਂ | ਡਾ. ਸੋਈ ਨੇ ਖ਼ਾਸ ਤੌਰ 'ਤੇ ਸਿੱਧਵਾਂ ਨਹਿਰ ਉੱਤੇ ਬਣੇ ਚਾਰ ਪੁਲਾਂ (ਬਿ੍ਜ਼ਾਂ) ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਹ ਪੁਲ ਬਿਨਾਂ ਲਾਜ਼ਮੀ ਰੋਡ ਸੇਫ਼ਟੀ ਆਡਿਟ ਦੇ ਬਣਾਏ ਗਏ ਹਨ | ਹਾਈਵੇਅ ਦੇ ਨਿਯਮਾਂ ਦੀ ਉਲੰਘਣਾ ਕੀਤੀ ਗਈ | ਗਲਤ ਨਕਸ਼ਾ ਅਤੇ ਅਣਯੋਜਿਤ ਨਿਰਮਾਣ ਕਾਰਨ ਕਈ ਹਾਦਸੇ ਹੋ ਚੁੱਕੇ ਹਨ | ਉਨ੍ਹਾਂ ਕਿਹਾ ਕਿ ਜੇਕਰ ਇਹ ਚਾਰ ਪੁਲ ਸੁਰੱਖਿਆ ਮਾਪਦੰਡਾਂ 'ਤੇ ਖਰੇ ਨਹੀਂ ਉਤਰਦੇ, ਤਾਂ ਅਸੀਂ ਕਾਨੂੰਨੀ ਤੌਰ 'ਤੇ ਇਨ੍ਹਾਂ ਨੂੰ ਵੀ ਢਾਹੁਣ ਲਈ ਮਜਬੂਰ ਕਰਾਂਗੇ, ਜਿਵੇਂ 47 ਗੈਰਕਾਨੂੰਨੀ ਇਮਾਰਤਾਂ ਖ਼ਿਲਾਫ਼ ਕਾਰਵਾਈ ਹੋ ਰਹੀ ਹੈ, ਉਸੇ ਤਰ੍ਹਾਂ ਬਿਨਾਂ ਸੇਫ਼ਟੀ ਆਡਿਟ ਦੇ ਬਣੇ ਇਹ ਪੁਲ ਵੀ ਹਟਾਏ ਜਾਣਗੇ | ਮਨੁੱਖੀ ਜ਼ਿੰਦਗੀ ਤੋਂ ਵੱਡਾ ਕੋਈ ਨਿਰਮਾਣ ਨਹੀਂ ਹੋ ਸਕਦਾ | ਡਾ. ਸੋਈ ਨੇ ਕਿਹਾ ਕਿ ਸਾਊਥ ਸਿਟੀ ਰੋਡ ਨੂੰ ਸੁਰੱਖਿਅਤ ਬਣਾਉਣਾ ਸਿਰਫ਼ ਪ੍ਰਸ਼ਾਸਨਿਕ ਨਹੀਂ, ਸਗੋਂ ਨੈਤਿਕ ਜ਼ਿੰਮੇਵਾਰੀ ਵੀ ਹੈ | ਅਸੀਂ ਇਸ ਮਾਮਲੇ ਨੂੰ ਹਾਈ ਕੋਰਟ ਵਿਚ ਉਸ ਦੇ ਤਾਰਕਿਕ ਅੰਜਾਮ ਤੱਕ ਲੈ ਕੇ ਜਾਵਾਂਗੇ | ਜ਼ੀਰੋ ਟਾਲਰੈਂਸ ਦਾ ਅਰਥ ਹੈ-ਨਾ ਗੈਰਕਾਨੂੰਨੀ ਇਮਾਰਤ ਬਖ਼ਸ਼ੀ ਜਾਵੇਗੀ, ਨਾ ਅਸੁਰੱਖਿਅਤ ਪੁਲ | ਪੈਸਾ ਜ਼ਿੰਦਗੀਆਂ ਤੋਂ ਵੱਡਾ ਨਹੀਂ ਹੋ ਸਕਦਾ | ਦਰਸ਼ਨ ਅਰੋੜਾ ਨੇ ਕਿਹਾ ਕਿ ਲੁਧਿਆਣਾ ਸਿਟੀਜ਼ਨਜ਼ ਕੌਂਸਲ ਸੜਕ ਸੁਰੱਖਿਆ ਦੇ ਮਾਮਲੇ 'ਤੇ ਕੋਈ ਸਮਝੌਤਾ ਨਹੀਂ ਕਰੇਗੀ ਅਤੇ ਪੂਰੇ ਖੇਤਰ ਨੂੰ ਸੁਰੱਖਿਆ ਮਾਪਦੰਡਾਂ ਅਨੁਸਾਰ ਬਣਾਉਣ ਤੱਕ ਸੰਘਰਸ਼ ਜਾਰੀ ਰਹੇਗਾ |
ਰਿਹਾਇਸ਼ੀ ਜ਼ਮੀਨਾਂ 'ਚ ਸ਼ੁਰੂ ਕੀਤੀਆਂ ਵਪਾਰਕ ਗਤੀਵਿਧੀਆਂ, ਲੋਕ ਪਰੇਸ਼ਾਨ-
ਮਿਲੀ ਜਾਣਕਾਰੀ ਮੁਤਾਬਿਕ ਸਾਊਥ ਸਿਟੀ, ਬਾੜੇਵਾਲ ਅਤੇ ਇਆਲੀ ਆਦਿ ਖੇਤਰਾਂ ਵਿਚ ਕਾਲੋਨਾਈਜ਼ਰਾਂ ਵਲੋਂ ਰਿਹਾਇਸ਼ੀ ਜ਼ਮੀਨਾਂ ਲੈ ਕੇ ਉੱਥੇ ਵਪਾਰਕ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ ਗਈਆਂ | ਲੋਕਾਂ ਦਾ ਕਹਿਣਾ ਹੈ ਕਿ ਅਸੀਂ ਇੱਥੇ ਅਮਨ ਸ਼ਾਂਤੀ ਨਾਲ ਰਹਿਣ ਵਾਸਤੇ ਆਪਣੇ ਘਰ ਬਣਾਏ ਸਨ, ਪਰ ਜ਼ਿਆਦਾ ਪੈਸੇ ਕਮਾਉਣ ਦੇ ਚੱਕਰ ਵਿਚ ਲਾਲਚੀ ਕਾਲੋਨਾਈਜ਼ਰਾਂ ਵਲੋਂ ਰਿਹਾਇਸ਼ੀ ਜ਼ਮੀਨਾਂ ਖਰੀਦ ਕੇ ਬਾਅਦ ਵਿਚ ਛੋਟੇ ਵੱਡੇ ਵਪਾਰ ਕਰਨੇ ਸ਼ੁਰੂ ਕਰ ਦਿੱਤੇ ਗਏ, ਜਿਸ ਨਾਲ ਇਲਾਕੇ ਦੇ ਵਿਚ ਰੋਲਾ ਰੱਪਾ ਪੈਣ ਨਾਲ ਸ਼ਾਂਤੀ ਭੰਗ ਹੋ ਗਈ | ਆਸ ਪਾਸ ਦੇ ਲੋਕਾਂ ਦਾ ਵੀ ਕਹਿਣਾ ਹੈ ਕਿ ਰਿਹਾਇਸ਼ੀ ਇਲਾਕੇ ਦੇ ਵਿਚ ਇਸ ਤਰ੍ਹਾਂ ਦੀਆਂ ਵਪਾਰਕ ਗਤੀਵਿਧੀਆਂ ਬਿਲਕੁਲ ਵੀ ਨਹੀਂ ਹੋਣੀਆਂ ਚਾਹੀਦੀਆਂ |
ਜਾਰੀ ਹੋਈ ਗੈਰ ਕਾਨੂੰਨੀ ਇਮਾਰਤਾਂ ਦੀ ਸੂਚੀ-
ਗਲਾਡਾ ਵਲੋਂ ਸਰਵੇਖਣ ਦੌਰਾਨ ਜਾਰੀ ਕੀਤੀ ਗਈ 47 ਗੈਰ ਕਾਨੂੰਨੀ ਇਮਾਰਤਾਂ ਦੀ ਸੂਚੀ ਵਿਚ ਨਿਊਮੀ, ਸਰਤਾਜ ਸਵੀਟਸ ਤਨੇਜਾ ਪ੍ਰਾਪਰਟੀ, ਜੱਗੀ ਅਸਟੇਟ, ਭਾਗਿਆ ਹੋਮ, ਗੋਇਲ ਪਲਾਈ ਸਟੋਰ, ਫਾਰਚੂਨ ਲੈਂਡ, ਜੇ9, ਨੀਲਮ ਪ੍ਰਾਪਰਟੀ, ਲੀ ਅੰਤਰੇ, ਬਾਬਾ ਚਿਕਨ, ਕੈਪਟਨ ਰੀਅਲ ਅਸਟੇਟ, ਰੀਗਲ ਪ੍ਰਾਪਰਟੀਜ਼ ਬਾਸਕਨ ਰੋਬਿਨ, ਡੀਬੀਐਨ ਪ੍ਰੋਪਰਟੀਜ, ਆਰ ਐਸ ਮੈਡੀਕੇਅਰ, ਕੁਠਾਰੀ ਮਾਰਬਲ, ਈਟ ਐਨ ਮੀਟ, ਐਚਡੀਐਫਸੀ ਬੈਂਕ, ਚਾਵਲਾ ਏਬੀ ਸਲਿਊਸ਼ਨ, ਰਣਵੀਰ ਲਿਖੀ ਡਿਜ਼ਾਈਨ, ਬਸੇਰਾ ਪ੍ਰਾਪਰਟੀ, ਸੁਖਮਣੀ ਪ੍ਰਾਪਰਟੀ, ਛਾਬੜਾ ਪ੍ਰਮੋਟਰ, ਸਬਵੇ, ਗਰੀਨ ਹਾਊਸ ਕੈਫੇ, ਡੈਕਨ ਗੈਲਰੀ, ਜ਼ੀਰੋ ਕੋਰਟ ਯਾਰਡ, ਚਾਵਲਾ ਚਿਕਨ, ਤਲਵਾਰ ਪ੍ਰਾਪਰਟੀ, ਕਲੱਬ 91, ਜੇ ਐਮ ਕ੍ਰੀਏਸ਼ਨ, ਗਾਰਡਨ ਗਰਿਲ ਆਦਿ ਤੋਂ ਇਲਾਵਾ ਹੋਰ ਕਈ ਗੈਰ ਕਾਨੰੂਨੀ ਇਮਾਰਤਾਂ ਹਨ |

Ad Position 22
No active advertisement
ਪਿਛਲੀ ਖ਼ਬਰ ਦੁਕਾਨਦਾਰ ਦੀ ਦਲੇਰੀ ਸਦਕਾ ਚੋਰ ਆਪਣੇ ਮਕਸਦ 'ਚ ਨਹੀਂ ਹੋਏ ਕਾਮਯਾਬ <br/> ਅਗਲੀ ਖ਼ਬਰ ਸ਼ੱਕੀ ਹਾਲਾਤ 'ਚ ਵਿਆਹੁਤਾ ਵਲੋਂ ਖ਼ੁਦਕੁਸ਼ੀ <br/>
Ad Position 24