ਲੁਧਿਆਣਾ, 3 ਮਾਰਚ (ਪਰਮਿੰਦਰ ਸਿੰਘ ਆਹੂਜਾ)-ਥਾਣਾ ਹੈਬੋਵਾਲ ਦੀ ਪੁਲਿਸ ਨੇ ਕਾਰੋਬਾਰੀ ਵਲੋਂ ਕੀਤੀ ਖੁਦਕੁਸ਼ੀ ਦੇ ਮਾਮਲੇ ਵਿਚ ਦੋ ਵਪਾਰੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਮਿ੍ਤਕ ਅਭੀਤਾਬ ਕੁਮਾਰ ਦੀ ਪਤਨੀ ਉਰਮਲਾ ਦੇਵੀ ਵਾਸੀ ਜੱਸੀਆਂ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ ਅਤੇ ਇਸ ਮਾਮਲੇ ਵਿਚ ਮਨੀਸ਼ ਕੁਮਾਰ ਬੰਟੀ ਅਤੇ ਅਰਵਿੰਦਰ ਕੁਮਾਰ ਇੰਜੀਨੀਅਰ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੇ ਪਤੀ ਅਭੀਤਾਬ ਕੁਮਾਰ ਨੇ ਬੈਂਕ ਤੋਂ ਕਰਜ਼ਾ ਲੈ ਕੇ ਫ਼ੈਕਟਰੀ ਬਣਾਈ ਸੀ ਅਤੇ ਬੰਟੀ ਪਾਸੋਂ ਧਾਗਾ ਲਿਆ ਸੀ ਅਤੇ ਉਸ ਦੀ ਕੁੱਝ ਰਕਮ ਬਾਕੀ ਸੀ | ਉਸ ਨੇ ਦੱਸਿਆ ਕਿ ਬੰਟੀ ਅਤੇ ਉਸ ਦੇ ਸਾਥੀ ਉਸ ਦੇ ਪਤੀ ਨੂੰ ਅਕਸਰ ਤੰਗ ਪ੍ਰੇਸ਼ਾਨ ਕਰਦੇ ਸਨ, ਜਿਸ ਤੋਂ ਦੁਖੀ ਹੋ ਕੇ ਉਸ ਦੇ ਪਤੀ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ | ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | ਪੁਲਿਸ ਨੇ ਹਾਲ ਦੀ ਘੜੀ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ |